Sunday, 22 August 2021

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM

 ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ? 


ਲੁਧਿਆਣਾ//ਮੋਹਾਲੀ: 22 ਦਸੰਬਰ 2021: (ਰੈਕਟਰ ਕਥੂਰੀਆ//ਲੋਕ ਮੀਡੀਆ ਸਕਰੀਨ)::

ਕਿਸੇ ਵੇਲੇ ਇੱਕ ਬੜੀ ਪ੍ਰਸਿੱਧ ਰਿਕਾਰਡਿੰਗ ਕੰਪਨੀ ਹੋਇਆ ਕਰਦੀ ਸੀ ਜਿਸਦੇ ਗਾਣੇ ਤਵਿਆਂ ਤੇ ਚੱਲਦੇ ਸਨ ਕਿਓਂਕਿ ਕੈਸਟਾਂ ਅਜੇ ਆਮ ਨਹੀਂ ਸਨ ਹੋਈਆਂ। ਉਹਨਾਂ ਕਾਲੇ ਤਵਿਆਂ ਤੇ ਇੱਕ ਤਸਵੀਰ ਬਣੀ ਹੁੰਦੀ ਸੀ ਜੋ ਦਿਖਾਉਂਦੀ ਸੀ ਕਿ ਸਪੀਕਰ ਚੋਂ ਆਉਂਦੀ ਆਵਾਜ਼ ਨੂੰ ਸਪੀਕਰ ਸਾਹਮਣੇ ਬੈਠਾ ਕੁੱਤਾ ਬੜੇ ਹੀ ਧਿਆਨ ਨਾਲ ਮਗਨ ਹੋ ਕੇ ਸੁਣ ਰਿਹਾ ਹੈ। ਇਹ ਕੰਪਨੀ ਸੰਨ 1898 ਸਮੇਂ ਲੰਡਨ ਵਿੱਚ ਬਣੀ ਸੀ। ਸੰਨ 1901 ਵਿੱਚ ਇਸਦਾ ਬ੍ਰਾਂਡ ਅਤੇ ਲੋਗੋ ਵੀ ਕਾਨੂੰਨੀ ਇਜ਼ਾਜ਼ਤਾਂ ਮਗਰੋਂ ਲੋਕਾਂ ਸਾਹਮਣੇ ਆ ਗਿਆ। ਉਸ ਕੰਪਨੀ ਦੇ ਗੀਤਾਂ ਵਾਲੇ ਤਵੇ ਬੜੇ ਪ੍ਰਸਿੱਧ ਹੋਏ। ਛੋਟੇ ਤਵੇ ਵੀ ਹੁੰਦੇ ਸਨ ਅਤੇ ਵੱਡੇ ਤਵੇ ਵੀ। ਬੜੀ ਵਿਕਰੀ ਵੀ ਹੋਈ। ਬੇਹੱਦ ਹਰਮਨ ਪਿਆਰੇ ਹੋ ਗਏ। ਹਰ ਘਰ ਵਿੱਚ ਗ੍ਰਾਮੋਫੋਨ ਸਟੇਟਸਸਿੰਬਲ ਬਣ ਗਿਆ। ਬਾਕਾਇਦਾ ਐਲਬਮ ਵੀ ਵੱਧ ਤੋਂ ਵੱਧ ਹੁੰਦੀਆਂ ਸਨ।  

ਕਈ ਲੋਕ ਖੁਦ ਨੂੰ ਇਸ ਇੰਡਸਟਰੀ ਦੇ ਕਮਿਸ਼ਨ ਏਜੰਟਾਂ ਵਾਂਗ ਦੱਸਣ ਲੱਗ ਪਏ। ਕੋਈ ਆਪਣੇ ਆਪ ਨੂੰ ਕਿਸੇ ਗਾਇਕ ਜਾਂ ਗਾਇਕਾ ਦੇ ਨੇੜੇ ਦੱਸਦਾ ਅਤੇ ਕੋਈ ਸਿੱਧਾ ਕੰਪਨੀ ਦੇ ਨੇੜੇ ਆਖਦਾ। ਇਹਨਾਂ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਨਵੇਂ ਗੀਤਕਾਰਾਂ ਨੇ ਇਹਨਾਂ ਦੇ ਦੱਸੇ ਅਨੁਸਾਰ ਭੈੜੇ ਤੋਂ ਭੈੜੇ ਲੱਚਰ ਗੀਤ ਵੀ ਲਿਖੇ ਅਤੇ ਗਾਇਕ ਵਰਗ ਨੇ ਗਾਏ ਵੀ। ਇਹਨਾਂ ਦੋਹਾਂ ਵਰਗਾਂ ਦਾ ਸ਼ੋਸ਼ਣ ਵੀ ਰੱਜ ਕੇ ਹੋਇਆ ਪਰ ਕੁੱਤੇ ਵਾਲੀ ਇਸ ਤਸਵੀਰ ਦਾ ਜਾਦੂ ਸਾਡੇ ਸਮਾਜ ਤੇ ਗੂਹੜਾ ਹੁੰਦਾ ਚਲਾ ਗਿਆ। ਇਹ ਅਜੇ ਤੱਕ ਨਹੀਂ ਉੱਤਰਿਆ। 

ਗ੍ਰਾਮੋਫੋਨ ਦੇ ਉਸ ਜ਼ਮਾਨੇ ਆ ਚੇਤਾ ਅੱਜ ਵੀ ਅਕਸਰ ਆ ਜਾਂਦਾ ਹੈ। ਇਸ ਕੁੱਤੇ ਦੀ ਤਸਵੀਰ ਨੇ ਸ਼ਾਇਦ ਬਹੁਤਿਆਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਬਸ ਆਪਣੇ ਮਾਲਕ ਦੀ ਆਵਾਜ਼ ਸੁਣਨੀ ਹੈ ਚੋਰ ਸੰਨ ਲਾਉਂਦਾ ਹੈ ਤਾਂ ਲਾਉਂਦਾ ਰਹੇ ਆਪਾਂ ਕੀ ਲੈਣਾ? ਉਦੋਂ ਤੱਕ ਆਪਾਂ ਨੀ ਭੌਂਕਣਾ ਜਦੋਂ ਤੱਕ ਮਾਲਕ ਨਾ ਕਹੇ! ਬਸ ਚੁੱਪ ਰਹਿ ਕੇ ਆਪਣਾ ਸੰਗੀਤ ਸੁਣਨਾ ਹੈ। ਆਖਦੇ ਨੇ ਸਭ ਤੋਂ ਮਿੱਠਾ ਮਧੁਰ ਸੰਗੀਤ ਪੈਸਿਆਂ ਦੀ ਖਨਕ ਵਾਲਾ ਹੁੰਦਾ ਹੈ। ਸਿੱਕਿਆਂ ਦੀ ਖਨਕ, ਨੋਟਾਂ ਦੀ ਖਨਕ ਵਰਗੀ ਮਹਿਕ ਅਤੇ ਰੰਗਤ। ਜਿਹੜਾ ਜਿਹੜਾ ਇਹ ਸੰਗੀਤ ਸੁਣਾ ਸਕੇ ਉਹੀ ਮਾਲਕ ਬਣਨ ਦੇ ਕਾਬਲ ਸਮਝਿਆ ਜਾਣ ਲੱਗ ਪਿਆ। ਇਸ ਲਈ ਮਾਲਕਾਂ ਦੀ ਭਾਲ ਵੀ ਬੜੀ ਤੇਜ਼ੀ ਨਾਲ ਸ਼ੁਰੂ ਹੋਈ। ਇਸ ਭਾਲ ਵਿੱਚ ਵੀ ਬਥੇਰਿਆਂ ਦਾ ਸ਼ੋਸ਼ਣ ਹੋਇਆ ਅਤੇ ਬਥੇਰੇ ਤਾਂ ਉਂਝ ਹੀ ਰੁਲ ਗਏ। 

ਇਸ ਦੇ ਬਾਵਜੂਦ ਹਰ ਸ਼ਹਿਰ ਹਰ ਪਿੰਡ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਪੰਚ, ਸਰਪੰਚ, ਕੌਂਸਲਰ, ਐਮ ਐਲ ਏ ਜਾਂ ਐਮ ਪੀ ਦਾ ਪ੍ਰੈਸ ਸਕੱਤਰ ਬਣਿਆ ਦੇਖਿਆ ਜਾ ਸਕਦਾ ਹੈ। ਚੋਣਾਂ ਵਿਚ ਇਹਨਾਂ ਦੀ ਝੰਡੀ ਹੁੰਦੀ ਹੈ। ਇਸ ਸਾਰੇ ਘਟਨਾਕ੍ਰਮ ਵਿੱਚ ਪਾਲਤੂ ਕੁੱਤੇ ਬਣਨ ਦੇ ਚਾਹਵਾਨਾਂ ਦੀ ਲਾਈਨ ਬੜੀ ਲੰਮੀ ਹੋਣ ਲੱਗ ਪਈ।  ਇਸ ਤਰ੍ਹਾਂ ਇਕ ਨਵੀਂ ਕਿਸਮ ਦੀ ਇੰਡਸਟਰੀ ਵੀ ਸਾਹਮਣੇ ਆਈ। ਇਹਨਾਂ ਵਿੱਚੋਂ ਬਹੁਤਿਆਂ ਕੋਲ ਦਲੀਲ ਸੀ ਕੀ ਜੇ ਯੋਗਿੰਦਰ ਯਾਦਵ ਸਿਆਸਤ ਵਿਚ ਆ ਸਕਦਾ ਹੈ ਤਾਂ ਅਸੀਂ ਕਿਓਂ ਨਹੀਂ ਆ ਸਕਦੇ? ਜੇ ਮਾਲਵਿੰਦਰ ਮਾਲੀ ਸਲਾਹਕਾਰ ਬਣ ਸਕਦਾ ਹੈ ਤਾਂ ਅਸੀਂ ਕਿਓਂ ਨਹੀਂ ਬਣ ਸਕਦੇ। ਸ਼ਾਇਦ ਬਹੁਤਿਆਂ ਨੇ ਵੱਖ ਵੱਖ ਥਾਂਈਂ ਅਰਜ਼ੀਆਂ ਵੀ ਦੇ ਦਿੱਤੀਆਂ ਹੋਣ ਕਿ ਸਾਨੂੰ ਸਲਾਹਕਾਰ ਬਣਾਓ। ਅਸੀਂ ਬਹੁਤ ਚੰਗੇ ਪਾਲਤੂ ਬਣਾਂਗੇ।  ਇਹ ਗੱਲ ਵੱਖਰੀ ਹੈ ਇਹਨਾਂ ਨੂੰ ਨਾ ਤਾਂ ਯੋਗਿੰਦਰ ਯਾਦਵ ਵਾਲੀ ਸੋਚ ਦੀ ਕਦੇ ਸਮਝ ਆਈ ਹੋਣੀ ਹੈ ਤੇ ਨਾ ਹੀ ਮਾਲਵਿੰਦਰ ਮਾਲੀ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਮਾੜੀ ਮੋਟੀ ਜਾਣਕਾਰੀ ਕਦੇ ਮਿਲੀ ਹੋਣੀ ਹੈ। ਮਾਲਵਿੰਦਰ ਮਾਲੀ ਦਾ ਜੀਵਨ ਵੀ ਖੁੱਲੀ ਕਿਤਾਬ ਵਾਂਗ ਹੈ ਕੁਝ ਵੀ ਪੁੱਛਿਆ ਜਾਏ ਬੜੀ ਆਸਾਨੀ ਨਾਲ ਪਤਾ ਲੱਗ ਜਾਏਗਾ।  ਮਾਲੀ ਕੋਲ ਇਹਨਾਂ ਲੋਕਾਂ ਵਾਂਗ ਲੁਕਾਉਣ ਲਈ ਕੁਝ ਨਹੀਂ। ਨਾ ਹੀ ਲਾਈਫ ਸਟਾਈਲ ਵਿੱਚ ਤੇ ਨਾ ਹੀ ਕੈਰੀਅਰ ਵਿੱਚ।ਪਰ ਇੱਕ ਗੱਲ ਸਾਫ ਹੈ ਕਿ ਪਾਲਤੂ ਬਣਨ ਦਾ ਰਿਵਾਜ ਅੱਜ ਦਾ ਨਹੀਂ ਬੜਾ ਪੁਰਾਣਾ ਹੈ। ਇਸਦੇ ਨਵੇਂ ਚੈਪਟਰ ਨੂੰ ਵੀ ਕਈ ਦਹਾਕੇ ਹੋਣ ਲੱਗੇ ਹਨ। 

ਹੁਣ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ ਅਤੇ ਪੰਡਤ ਜਵਾਹਰ ਲਾਲ ਨਹਿਰੂ ਵਾਲਾ ਜ਼ਮਾਨਾ ਤਾਂ ਨਹੀਂ ਰਿਹਾ ਨ। ਹੁਣ ਤਾਂ ਮੀਡੀਆ ਅਦਾਰਿਆਂ ਦੇ ਅਸਲੀ ਮਾਲਕ ਵੀ ਆਪਣੇ ਸੰਪਾਦਕਾਂ ਦਾ ਕੋਈ ਨਾ ਕੋਈ ਹੋਰ ਚੇਹਰਾ ਹੀ ਅੱਗੇ ਰੱਖਦੇ ਹਨ। ਖੁਦ ਲੁੱਕੇ ਰਹਿੰਦੇ ਹਨ। ਸੋ ਅੱਜ ਦੇ ਭਰਮਾਂ ਭੁਲੇਖਿਆਂ ਨੂੰ ਸਾਜ਼ਿਸ਼ੀ ਤੌਰ ਤੇ ਵਧਾਏ ਜਾਣ ਵਾਲੇ ਇਸ ਮੌਜੂਦਾ ਦੌਰ ਵਿੱਚ ਮਾਲਵਿੰਦਰ ਮਾਲੀ ਹੁਰਾਂ ਦੀ ਲਿਖਤ ਅੱਖਾਂ ਖੋਹਲਦੀ ਹੈ। ਵੱਧ ਤੋਂ ਵੱਧ ਪੜ੍ਹੀ ਜਾਏ ਇਹ ਬਹੁਤ ਜ਼ਰੂਰੀ ਹੈ ਅਤੇ ਸਮਾਜ ਦੇ ਭਲੇ ਵਿੱਚ ਹੈ। -ਰੈਕਟਰ ਕਥੂਰੀਆ  


ਮਾਲਵਿੰਦਰ ਸਿੰਘ ਮਾਲੀ ਲਿਖਦੇ ਹਨ:ਭਲੇ ਵੇਲਿਆਂ ਅੰਦਰ ਇਹ ਧਾਰਨਾ ਪਰਚੱਲਤ ਸੀ ਤੇ ਹਕੀਕਤ ਵੀ ਸੀ ਕਿ ਹਕੂਮਤ ਦੀ ਕੁਰਸੀ ਦੀਆਂ ਤਿੰਨ ਟੰਗਾਂ ਹੁੰਦੀਆਂ ਹਨ: ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ। ਚੌਥੀ ਟੰਗ ਹੁੰਦੀ ਹੈ ਲੋਕ ਰਾਇ। ਜਿਹੜੀ ਵੀ ਹਕੂਮਤ ਲੋਕ ਹਿਤਾਂ ਲਈ ਕੰਮ ਕਰਦੀ ਹੈ ਤਾਂ ਚੌਥੀ ਟੰਗ ਲੋਕ ਰਾਇ ਉਸਦੇ ਹੱਕ ਵਿੱਚ ਹੁੰਦੀ ਹੋ ਜਾਂਦੀ ਹੈ ਤੇ ਹਕੂਮਤ ਨੂੰ ਸਥਿਰਤਾ ਬਖ਼ਸ਼ਦੀ ਹੈ।  

ਲੇਖਕ ਮਾਲਵਿੰਦਰ ਸਿੰਘ ਮਾਲੀ 
ਸਹੀ ਲੋਕ ਰਾਇ ਨੂੰ ਉਭਾਰਨ ਅੰਦਰ ਹੋਰਨਾਂ ਕਾਰਨਾਂ ਤੋਂ ਇਲਾਵਾ ਪ੍ਰਚਾਰ ਸਾਧਨਾ ਯਾਨੀ ਮੀਡੀਏ ਦਾ ਅਹਿਮ ਰੋਲ ਹੁੰਦਾ ਹੈ ਉਹ ਲੋਕ ਹਿਤਾਂ ਦੀ ਤਰਜਮਾਨੀ ਵੀ ਕਰਦਾ ਹੈ ਤੇ ਹਕੂਮਤ ਦੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਵੀ ਪਹੁੰਚਾਉਂਦਾ ਹੈ। ਇਸੇ ਲਈ ਮੀਡੀਏ ਨੂੰ ਲੋਕ ਹਿਤਾਂ ਦਾ ਨਿਗਰਾਨ watch dog ਦਾ ਰੁਤਬੇ ਵਾਲਾ ਸੰਕਲਪ ਉੱਭਰਿਆ ਸੀ। 

ਮੀਡੀਏ ਦੇ ਇਤਿਹਾਸ ਖ਼ਾਸ ਕਰਕੇ ਪੰਜਾਬੀ ਮੀਡੀਏ ਦੇ ਇਤਿਹਾਸ ਅੰਦਰ ਅਜਿਹੀਆਂ ਸੈਂਕੜੇ ਉਦਾਹਰਨਾ ਮੌਜੂਦ ਹਨ ਜਦੋਂ ਅਖ਼ਬਾਰਾਂ ਦੇ ਸੰਪਾਦਕਾਂ, ਲੇਖਕਾਂ ਤੇ ਪੱਤਰਕਾਰਾਂ ਨੂੰ ਅੰਗਰੇਜ ਸਾਮਰਾਜੀਆਂ ਤੋਂ ਅਜ਼ਾਦੀ ਦੀ ਲੜਾਈ ਅੰਦਰ ਮੁਲਕ ਦੇ ਅਜ਼ਾਦ ਹੋਣ ਤੋਂ ਬਾਅਦ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਅਮਲਾਂ ਵਿਰੁੱਧ ਅਵਾਜ਼ ਉਠਾਉਣ ਕਰਕੇ ਹਕੂਮਤੀ ਜਬਰ ਤੇ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ। 

ਪਰ ਸਮੇਂ ਦੇ ਬਦਲਦਿਆਂ ਬਦਲਦਿਆਂ ਮੀਡੀਏ ਅੰਦਰ ਵੀ ਵਾਚ ਡੋਗ ਦੇ ਕਿਰਦਾਰ ਵਿਹਾਰ ਅੰਦਰ ਪੈੱਟ ਡੋਗ ਵਾਲੇ ਲੱਛਣ ਉੱਭਰਨੇ ਸ਼ੁਰੂ ਹੋ ਗਏ। ਹਕੂਮਤ ਤੇ ਮਾਇਆਧਾਰੀਆਂ, ਕਾਰਪੋਰੇਟ ਜਗਤ ਨੇ ਮੀਡੀਆ ਨੂੰ ਕਾਬੂ ਕਰਨ ਦੇ ਯਤਨਾਂ ਨਾਲ ਨਾਲ ਮੀਡੀਏ ਦੇ ਰੋਲ ਦੀ ਪ੍ਰੀਭਾਸ਼ਾ ਹੀ ਬਦਲਣੀ ਸ਼ੁਰੂ ਕਰ ਦਿੱਤੀ। ਹਕੂਮਤੀ ਕੁਰਸੀ ਦੀ ਚੌਥੀ ਟੰਗ ਲੋਕ ਰਾਇ ਦੀ ਥਾਂ ਮੀਡੀਆ ਨੂੰ ਹੀ ਰਾਜ ਸੱਤਾ ਦੇ ਚੌਥਾ ਥੰਮ ਦਾ ਰੁਤਬਾ ਦੇਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਤੇ ਮੀਡੀਏ ਦੇ ਵੱਡੇ ਹਿੱਸੇ ਨੇ ਵੀ ਇਸਨੂੰ ਹੱਸਕੇ ਪਰਵਾਨ ਕਰ ਲਿਆ। ਲੋਕ ਰਾਇ ਹਾਸ਼ੀਏ ‘ਤੇ ਧੱਕਣੀ ਸ਼ੁਰੂ ਕਰ ਦਿੱਤੀ ਤੇ ਮੀਡੀਏ ਦੇ ਹਕੂਮਤ ਦੇ ਪਾਲਤੂ ਬੋਲਾਂ ਨੂੰ ਹੀ ਲੋਕ ਰਾਇ ਮੰਨਣ ਤੇ ਪ੍ਰਚਾਰਨ ਦਾ ਅਮਲ ਸ਼ੁਰੂ ਹੋ ਗਿਆ।  

ਅਜਿਹੀ ਹਕੀਕਤ ਦੇ ਸਨਮੁੱਖ ਹੁੰਦਿਆਂ ਹੀ ਅੱਜ ਹਕੂਮਤਾਂ ਤੇ ਕਾਰਪੋਰੇਟ ਜਗਤ ਦੇ ਲੋਕ ਵਿਰੋਧੀ ਅਮਲਾਂ ਖਿਲਾਫ ਲੜਾਈ ਦੇ ਨਾਲ ਸਾਨੂੰ ਮੀਡੀਏ ਅੰਦਰਲੇ ਹਕੂਮਤ ਤੇ ਕਾਰਪੋਰੇਟ ਦੇ ਪੈੱਟ ਡੋਗ ਪਾਲਤੂ ਕੁੱਤੇ ਵਾਲੇ ਰੁਝਾਨ ਨੂੰ ਵੀ ਪਛਾਨਣ ਤੇ ਪਛਾੜਨ ਦੀ ਲੋੜ ਹੈ। 

ਬਾਬਾ ਗੁਰੂ ਨਾਨਕ ਦੇ ਫ਼ਲਸਫ਼ੇ, ਸਰਬੱਤ ਦੇ ਭਲੇ ਵਿੱਚ ਹੀ ਆਪਣਾ ਭਲਾਈ ਵੇਖਣ ਨੂੰ ਬੁਲੰਦ ਕਰ ਰਹੇ ਪੰਜਾਬ ਦੇ ਧਰਤੀ ਪੁੱਤਰਾਂ ਕਿਸਾਨਾਂ ਦੇ ਲੋਕ ਅੰਦੋਲਨ ਨੇ ਪਾਲਤੂ ਮੀਡੀਆ ਜਿਸਨੂੰ ਅੱਜ ਕੱਲ ਗੋਦੀ ਮੀਡੀਆ ਕਿਹਾ ਜਾਂਦਾ ਹੈ, ਦੀ ਮਾਰ ਝੱਲੀ ਤੇ ਝੱਲ ਰਿਹਾ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਜਦੋਂ ਪੰਜਾਬ ਦੇ ਸਪੂਤ ਤੇ ਹੁਣ ਗੁਰੂ ਦੀ ਨਗਰੀ ਅਮਿੰਰਤਸਰ  ਨੂੰ ਆਪਣੀ ਕਰਮ ਭੂਮੀ ਬਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਬਾਬਾ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਨੁਸਾਰ ਬਿਰਤਾਂਤ ਸਿਰਜਿਆ ਤਾਂ ਗੋਦੀ ਮੀਡੀਆਂ ਨੇ"ਦੁਸ਼ਮਣ ਨਾਲ ਜੱਫੀ" ਪਾਉਣ ਦਾ ਹੋ ਹੱਲਾ ਮਚਾਕੇ ਅਸਮਾਨ ਸਿਰ ‘ਤੇ ਚੁੱਕ ਲਿਆ ਸੀ। ਪਰ ਬਾਬਾ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੇ ਬਿਰਤਾਂਤ ਦੀ ਜਿੱਤ ਹੋਈ।  

ਕਿਸੇ ਵੇਲੇ ਜਨਤਕ ਪੈਗ਼ਾਮ ਰਸਾਲੇ ਦੇ ਸੰਪਾਦਕ ਰਹੇ ਮਾਲਵਿੰਦਰ ਸਿੰਘ ਮਾਲੀ (ਮੇਰੇ) ਖਿਲਾਫ ਉਸ ਵੇਲੇ ਦੀਆਂ ਲਿਖਤਾਂ ਨੂੰ ਉਛਾਲਕੇ ਗੋਦੀ ਮੀਡੀਏ ਦੇ ਇਕ ਬਚੂੰਗੜੇ ਵੱਲੋਂ ਛੁਰਲੀਆਂ ਛੱਡੀਆਂ ਜਾ ਰਹੀਆਂ ਹਨ। ਇਸ ਰਸਾਲੇ ਦੀਆਂ ਲਿਖਤਾਂ (ਸਿਰਫ ਲਿਖਤਾਂ ਹੀ) ਨੂੰ ਹੀ ਅਧਾਰ ਬਣਾਕੇ ਉਸ ਵੇਲੇ ਮੈਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ NSA ਤੇ ਦਹਿਸ਼ਤਗਰਦ ਤੇ ਭੰਨ-ਤੋੜ ਸਰਗਰਮੀਆਂ ਬਾਰੇ ਕਾਨੂੰਨ TADA ਅਧੀਨ ਸਭ ਤੋਂ ਵੱਧ ਸੁਰੱਖਿਆ ਵਾਲੀ ਜੇਲ ਸੰਗਰੂਰ ਵਿੱਚ ਦੋ ਸਾਲ ਲਈ ਨਜ਼ਰਬੰਦ ਕੀਤਾ ਗਿਆ ਸੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੈਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਦੋ ਮਹੀਨੇ ਬਾਅਦ ਹੀ ਰਿਹਾਅ ਕਰ ਦਿੱਤਾ ਸੀ। ਪਰ ਪੂਰੀ ਬੇਸ਼ਰਮੀ ਤੇ ਢੀਠਤਾਈ ਨਾਲ ਗੋਦੀ ਮੀਡੀਆਂ ਹੁਣ ਮੁੜ ਮੇਰੇ ਉੱਪਰ ਉਹੀ ਮੁਕੱਦਮਾ ਮੀਡੀਆ ਟਰੈਲ ਸ਼ੁਰੂ ਕਰ ਰਿਹਾ ਹੈ। --ਮਾਲਵਿੰਦਰ ਸਿੰਘ ਮਾਲੀ

ਪੋਸਟ ਸਕਰਿਪਟ: ਮਾਲੀ ਹੁਰਾਂ ਨੂੰ ਇਹਨਾਂ ਸਾਜ਼ਿਸ਼ੀ ਮੀਡੀਆ ਟਰਾਇਲਾਂ ਨਾਲ ਕੋਈ ਬਹੁਤ ਫਰਕ ਨਹੀਂ ਪੈਣਾ। ਉਂਝ ਇਸਦੇ ਪਿੱਛੇ ਵੀ ਕੁਝ ਮੀਡੀਆ ਵਾਲੇ ਮਿੱਤਰ ਹੀ ਸਰਗਰਮ ਹੋਣੇ ਹਨ। ਜਦੋਂ ਤੱਕ ਇਹ ਸਮਾਜ ਉਹਨਾਂ ਕਲਮਕਾਰਾਂ ਪ੍ਰਤੀ ਸੁਹਿਰਦ ਹੋ ਕੇ ਨਹੀਂ ਜਾਗਦਾ ਜਿਹੜੇ ਨਹੀਂ ਵਿਕਦੇ ਉਦੋਂ ਤੱਕ ਵਿਕਾਓ ਮੀਡੀਆ ਦੀ ਭੀੜ ਵਧਦੀ ਜਾਏਗੀ। ਸਮਾਜ ਨੂੰ ਇਮਾਨਦਾਰ ਲੋਕਾਂ ਦੇ ਚੁੱਲੇ ਦਾ ਫਿਕਰ ਕਿਓਂ ਨਹੀਂ? ਜਿਹੜਾ ਸਮਾਜ ਇਸ ਤਰ੍ਹਾਂ ਦਾ ਹੋ ਗਿਆ ਹੈ ਉਸ ਦੀ ਕਿਸਮਤ ਵਿੱਚ ਗੋਦੀ ਮੀਡੀਆ ਹੀ ਜ਼ਰੂਰੀ ਵੀ ਹੈ ਅਤੇ ਰਹੇਗਾ ਵੀ। ਜਿਹੜੇ ਜਿਹੜੇ ਪੱਤਰਕਾਰ ਆਰਥਿਕ ਕਾਰਨਾਂ ਕਰਕੇ ਖੁਦਕੁਸ਼ੀਆਂ ਕਰ ਗਏ ਜਾਂ ਫਿਰ ਬਾਹੂਬਲੀਆਂ ਦੇ ਦਬਾਵਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਸਾਨੂੰ ਉਹਨਾਂ ਦੀ ਖਬਰ ਲੈਣ ਲਈ ਵੀ ਤੁਰਨਾ ਚਾਹੀਦਾ ਹੈ। 

Sunday, 7 June 2020

ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਹੋਵੇ

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਿਆਸੀ ਇਸ਼ਾਰੇ 'ਤੇ ਦਰਜ ਕੇਸ ਦੀ ਨਿਖੇਧੀ 
ਚੰਡੀਗੜ੍ਹ: 7 ਜੂਨ 2020: (ਪੁਸ਼ਪਿੰਦਰ ਕੌਰ//ਲੋਕ ਮੀਡੀਆ ਸਕਰੀਨ)::
ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ), ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਦੁਆਰਾ ਪੱਤਰਕਾਰ ਤੇ ਐਂਕਰ ਵਿਨੋਦ ਦੂਆ ਖ਼ਿਲਾਫ਼ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦਿੱਲੀ ਭਾਜਪਾ ਦੇ ਤਰਜਮਾਨ ਨਵੀਨ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਨੋਦ ਦੂਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਕਿ ਉਸ ਨੇ ਦਿੱਲੀ ਦੰਗਿਆਂ ਬਾਰੇ ਗ਼ਲਤ ਸੂਚਨਾਵਾਂ ਪ੍ਰਸਾਰਿਤ ਕੀਤੀਆਂ ਹਨ। ਵਿਨੋਦ ਦੂਆ ਰਾਸ਼ਟਰੀ ਖਿਆਤੀ ਵਾਲਾ ਪ੍ਰਤਿਬੱਧ ਪੱਤਰਕਾਰ ਹੈ, ਜੋ ਭਾਜਪਾ ਸਰਕਾਰ ਦੀਆਂ ਫ਼ਾਸ਼ੀਵਾਦੀ ਨੀਤੀਆਂ ਦਾ ਬੇਬਾਕੀ ਨਾਲ ਵਿਰੋਧ ਕਰਦਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੱਕ ਰਾਸ਼ਟਰ, ਇੱਕ ਧਰਮ ਤੇ ਇੱਕ ਭਾਸ਼ਾ ਦੇ ਹਿੰਦੂਤਵਵਾਦੀ ਏਜੰਡੇ ਦੀ ਪੂਰਤੀ ਲਈ ਲਗਾਤਾਰ ਮਨੁੱਖੀ ਅਧਿਕਾਰਾਂ, ਜਮਹੂਰੀਅਤ ਤੇ ਸੰਵਿਧਾਨ ਦੀ ਸੈਕੂਲਰ ਦਿੱਖ ਨੂੰ ਢਾਹ ਲਾਉਣ ਦਾ ਯਤਨ ਕਰ ਰਹੀ ਹੈ। ਰਾਸ਼ਟਰਵਾਦ ਦੀ ਆੜ ਹੇਠ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕਾਲੇ ਕਾਨੂੰਨਾਂ ਦੇ ਸਹਾਰੇ ਦਬਾਇਆ ਜਾ ਰਿਹਾ ਹੈ। ਅਸਹਿਮਤੀ ਦੀ ਸੰਸਕ੍ਰਿਤੀ, ਜੋ ਭਾਰਤੀ ਸੱਭਿਆਚਾਰਕ ਪਰੰਪਰਾ ਤੇ ਸਾਡੇ ਸੰਵਿਧਾਨ ਦੀ ਖ਼ੂਬਸੂਰਤੀ ਹੈ, ਉਸ ਨੂੰ ਦਬਾਉਣ ਲਈ ਕਦੇ ਲੇਖਕਾਂ/ਚਿੰਤਕਾਂ ਨੂੰ 'ਅਰਬਨ ਨਕਸਲ', 'ਟੁਕੜੇ ਟੁਕੜੇ ਗੈਂਗ' ਕਹਿ ਕੇ ਭੰਡਿਆ ਤੇ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ, ਕਦੇ ਵਿਚਾਰਾਂ ਦਾ ਵਖਰੇਵਾਂ ਰੱਖਣ ਵਾਲੇ ਨਾਮੀ ਚਿੰਤਕਾਂ/ਲੇਖਕਾਂ - ਨਰੇਂਦਰ ਦਾਬੋਲਕਰ, ਗੋਬਿੰਦ ਪਾਨਸਾਰੇ, ਪ੍ਰੋ. ਐਮ.ਐਮ. ਕੁਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਆਦਿ ਦੇ ਦਿਨ ਦਿਹਾੜੇ ਕਤਲ ਕਰਵਾਏ ਜਾਂਦੇ ਹਨ। ਭੀਮਾ ਕੋਰੇਗਾਉਂ ਦੇ ਹਵਾਲੇ ਨਾਲ ਅੱਜ ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਣ ਫਰੇਰਾ, ਪ੍ਰੋ. ਵਰਵਰਾ ਰਾਉ ਅਤੇ ਆਨੰਦ ਤੇਲਤੁੰਬੜੇ ਆਦਿ ਪ੍ਰਗਤੀਵਾਦੀ ਲੇਖਕ, ਚਿੰਤਕ ਅਤੇ ਸਮਾਜਿਕ ਕਾਰਕੁੰਨ ਜੇਲ੍ਹ ਦੀਆਂ ਸਲਾਖਾਂ ਅੰਦਰ ਬੰਦ ਹਨ। ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਉੱਠੇ ਦੇਸ਼ ਵਿਆਪੀ ਅੰਦੋਲਨ ਸਮੇਂ ਜੇ.ਐਨ.ਯੂ. ਦਿੱਲੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀਆਂ ਉੱਪਰ ਜਿਸਮਾਨੀ ਹਿੰਸਾ ਦਾ ਕਹਿਰ ਹੀ ਨਹੀਂ ਢਾਹਿਆ ਗਿਆ, ਸਗੋਂ ਸਫ਼ੂਰਾ ਜ਼ਰਗਰ ਅਤੇ ਮੀਰਾਨ ਹੈਦਰ ਆਦਿ ਵਿਦਿਆਰਥੀਆਂ ਉੱਪਰ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੱਜ ਤੱਕ ਜੇਲ੍ਹ ਦੀਆਂ ਸਲਾਖਾਂ ਅੰਦਰ ਡੱਕਿਆ ਹੋਇਆ ਹੈ। ਮਿਸਿਜ਼ ਸਫ਼ੂਰਾ ਜ਼ਰਗਰ ਜੋ ਮਾਂ ਬਣਨ ਜਾ ਰਹੀ ਹੈ, ਕਾਰੋਨਾ ਸੰਕਟ ਸਮੇਂ ਅੱਜ ਉਸ ਦੀ ਜ਼ਮਾਨਤ ਦੀ ਅਰਜ਼ੀ ਤੀਜੀ ਵਾਰ ਰੱਦ ਹੋਈ ਹੈ। ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਪਿਛਲੇ ਸਮੇਂ 'ਚ ਅਸਾਮ ਦੀ ਕਿਸਾਨ ਜਥੇਬੰਦੀ 'ਕਰਿਸ਼ਕ ਮੁਕਤੀ ਸੰਗਰਾਮ ਸਮਿਤੀ' ਦੇ ਆਗੂ ਅਖਿਲ ਗੋਗੋਈ ਤੇ ਉਸ ਦੇ ਸਾਥੀ ਕਾਰਕੁੰਨਾਂ - ਬਿੱਟੂ ਸੋਨੇਵਾਲ ਤੇ ਪਰਜਿਆ ਕੰਵਰ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਐਕਟ (UAPA) ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣੇ-ਹੁਣੇ ਐਮਨੈਸਟੀ ਇੰਟਰਨੈਸ਼ਨਲ ਜਥੇਬੰਦੀ ਦੇ ਭਾਰਤੀ ਚੈਪਟਰ ਦੇ ਸਾਬਕਾ ਮੁਖੀ ਅਕਾਰ ਪਟੇਲ ਖ਼ਿਲਾਫ਼ ਇਸ ਲਈ ਕੇਸ ਦਰਜ ਕੀਤਾ ਗਿਆ ਕਿ ਉਸ ਨੇ ਭਾਰਤ ਦੇ ਘੱਟ-ਗਿਣਤੀ ਫ਼ਿਰਕਿਆਂ ਨੂੰ ਜਾਰਜ ਫ਼ਲਾਇਡ ਦੇ ਸਮਰਥਕਾਂ ਵਾਂਗ ਸੰਘਰਸ਼ ਕਰਨ ਦੀ ਗੁਹਾਰ ਲਗਾਈ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੁੰਨੀਲਨ, ਕਾਰਜਕਾਰੀ ਪ੍ਰਧਾਨ ਡਾ. ਅਲੀ ਜਾਵੇਦ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਅਤੇ ਕੇਂਦਰੀ ਸਕੱਤਰੇਤ ਮੈਂਬਰ ਵਿਨੀਤ ਤਿਵਾੜੀ ਨੇ ਕੇਂਦਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਉਹ ਅਸਹਿਮਤੀ ਦੀ ਸੰਸਕ੍ਰਿਤੀ ਦਾ ਸਤਿਕਾਰ ਕਰਦੀ ਹੋਈ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਸਿੱਧੇ/ਅਸਿੱਧੇ ਪ੍ਰਤਿਬੰਧ ਅਤੇ ਹਮਲੇ ਬੰਦ ਕਰੇ। ਪ੍ਰਲੇਸ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕਰਦਾ ਹੈ ਕਿ ਅਕਾਰ ਪਟੇਲ ਤੇ ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। 
ਇਸ ਵਿਰੋਧ ਵਿੱਚ ਸ਼ਾਮਲ ਹੋਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਹੁਰਾਂ ਨਾਲ ਉਹਨਾਂ ਦੇ ਸੰਪਰਕ ਨੰਬਰ:  98156-36565

Monday, 6 January 2020

ਫਾਸ਼ੀ ਸੋਚ ਵਾਲਿਆਂ ਨੇ ਵਟਸਐਪ ਨੂੰ ਵੀ ਬਣਾਇਆ ਹਥਿਆਰ

ਸਭ ਕੁਝ ਯੂਨਿਟੀ ਅਗੇਂਸਟ ਲੈਫਟ ਨਾਮ ਦੇ ਗਰੁੱਪ ਵਿੱਚ ਵਿਉਂਤਿਆ ਗਿਆ?
ਨਵੀਂ ਦਿੱਲੀ: 6 ਜਨਵਰੀ 2020: (ਲੋਕ ਮੀਡੀਆ ਸਕਰੀਨ ਬਿਊਰੋ)::
ਫਾਸ਼ੀਵਾਦੀ ਸੋਚਾਂ ਅਤੇ ਰੁਝਾਨਾਂ ਨੂੰ ਪ੍ਰਣਾਏ ਅਨਸਰਾਂ ਨੇ ਆਪਣੇ ਵੱਖ ਵੱਖ ਵਿੰਗਾਂ ਨਾਲ ਜੁੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਤਬਾਹੀ ਹੀ ਸਿਖਾਉਣੀ ਸੀ ਅਤੇ ਇਹੀ ਸਿਖਾਈ। ਜੇ ਐਨ ਯੂ ਵਿੱਚ ਵਿਦਿਆਰਥੀਆਂ ਉੱਤੇ ਹਮਲੇ ਨੂੰ ਬਾਕਾਇਦਾ ਵਿਓਂਤਿਆ ਗਿਆ ਅਤੇ ਫੁਲ ਪਰੂਫ ਸਾਜ਼ਿਸ਼ ਬਣਾ ਕੇ ਸਿਰੇ ਚੜ੍ਹਾਇਆ ਗਿਆ। ਇਹ ਗੱਲ ਵੱਖਰੀ ਹੈ ਕਿ ਜਿਹੜੇ ਮੋਬਾਈਲ ਨੰਬਰ ਇਸ ਸਾਜ਼ਿਸ਼ ਲਈ ਵਰਤੇ ਗਏ  ਖਿਲਾਫ ਕਾਨੂੰਨ ਬੜਾ ਹੀ "ਬੇਬਸ" ਜਿਹਾ ਹੋਇਆ ਨਜ਼ਰ ਆ ਰਿਹਾ ਹੈ।  
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੱਟਸਐਪ ਮੈਸੇਜ ਇਸ਼ਾਰਾ ਕਰਦੇ ਹਨ ਕਿ ਐਤਵਾਰ ਜਿਨ੍ਹਾਂ ਨਕਾਬਪੋਸ਼ਾਂ ਨੇ ਜੇ ਐੱਨ ਯੂ ਵਿਚ ਹਮਲਾ ਕੀਤਾ, ਉਹ ਆਰ ਐੱਸ ਐੱਸ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦੇ ਆਗੂ ਤੇ ਕਾਰਕੁੰਨ ਹੋ ਸਕਦੇ ਹਨ। ਸ਼ਾਮ 7 ਵੱਜ ਕੇ 3 ਮਿੰਟ 'ਤੇ ਯੂਨਿਟੀ ਅਗੇਂਸਟ ਲੈਫਟ ਨਾਂਅ ਦੇ ਇਕ ਗਰੁੱਪ ਵਿਚ ਗੱਲਬਾਤ ਦੌਰਾਨ ਮੈਸੇਜ ਆਇਆ 'ਸਾਲੋਂ ਕੋ ਹੋਸਟਲ ਮੇਂ ਘੁਸ ਕਰ ਤੋੜੋ'। ਇਸ ਦੇ ਜਵਾਬ ਵਿਚ ਅਗਲੇ ਵਿਅਕਤੀ ਨੇ ਕਿਹਾ, 'ਬਿਲਕੁਲ, ਏਕ ਬਾਰ ਠੀਕ ਸੇ ਆਰ-ਪਾਰ ਕਰਨੇ ਕੀ ਜ਼ਰੂਰਤ ਹੈ। ਅਭੀ ਨਹੀਂ ਮਾਰੇਂਗੇ ਸਾਲੋਂ ਕੋ ਤੋ ਕਬ ਮਾਰੇਂਗੇ, ਗੰਦ ਮਚਾ ਰੱਖਾ ਹੈ ਕੌਮੀਓਂ ਨੇ।' 
ਇਸ ਤਰ੍ਹਾਂ ਦੀ ਕੁੱਟਮਾਰ ਦੀ ਪਲੈਨਿੰਗ ਕਰਦੇ ਕਈ ਮੈਸੇਜ ਸਾਹਮਣੇ ਆਏ ਹਨ। 'ਇੰਡੀਅਨ ਐੱਕਸਪ੍ਰੈਸ' ਤੇ 'ਸਕਰੌਲ' ਨੇ ਇਨ੍ਹਾਂ ਵਿਚੋਂ ਕੁਝ ਨੰਬਰਾਂ 'ਤੇ ਗੱਲਬਾਤ ਕਰਕੇ ਪਤਾ ਲਾਇਆ ਕਿ ਕਈ ਨੰਬਰ ਏ ਬੀ ਵੀ ਪੀ ਕਾਰਕੁਨਾਂ ਨਾਲ ਜੁੜੇ ਹੋਏ ਹਨ। ਫਿਲਹਾਲ ਇਹ ਨੰਬਰ ਸਵਿਚ ਆਫ ਆ ਰਹੇ ਹਨ। ਸਕਰੌਲ ਨੇ ਮੋਬਾਇਲ ਨੰਬਰ ਦੀ ਪਛਾਣ ਕਰਨ ਵਾਲੇ ਐਪ ਟਰੂਕਾਲਰ ਤੇ ਫੇਸਬੁਕ ਦੀ ਮਦਦ ਨਾਲ ਹਿੰਸਾ ਭੜਕਾਉਣ ਵਾਲਿਆਂ ਦੀ ਪਛਾਣ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। 'ਇੰਡੀਅਨ ਐੱਕਸਪ੍ਰੈੱਸ' ਨੇ ਅਜਿਹੇ ਮੈਸੇਜ ਕਰਨ ਵਾਲੇ 6 ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਿਸ ਵਿਚੋਂ 3 ਨੇ ਕਿਹਾ ਕਿ ਉਨ੍ਹਾਂ ਦੇ ਨੰਬਰਾਂ ਦੀ ਦੁਰਵਰਤੋਂ ਕੀਤੀ ਗਈ। ਅਭੀ ਨਹੀਂ ਮਾਰੋਗੇ ਤੋ ਕਬ ਮਾਰੋਗੇ ਵਾਲਾ ਮੈਸੇਜ ਕਰਨ ਵਾਲੇ ਨੇ ਕਿਹਾ, 'ਮੈਂ ਜੇ ਐੱਨ ਯੂ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਤੋਂ ਪੀ ਐੱਚ ਡੀ ਕਰ ਰਿਹਾ ਹਾਂ। ਹਾਂ, ਮੈਂ ਏ ਬੀ ਵੀ ਪੀ ਤੋਂ ਹਾਂ। ਪੱਤਰਕਾਰ ਜੇ ਐੱਨ ਯੂ ਦੀ ਛਵੀ ਖਰਾਬ ਕਰ ਰਹੇ ਹਨ।' ਕੁਝ ਦੇਰ ਬਾਅਦ ਉਸ ਨੇ ਕਿਹਾ, 'ਮੈਂ ਜੇ ਐੱਨ ਯੂ ਤੋਂ ਹਾਂ, ਪਰ ਮੈਂ ਇਹ ਮੈਸੇਜ ਨਹੀਂ ਭੇਜਿਆ ਸੀ। ਕਿਸੇ ਨੇ ਮੇਰੇ ਨੰਬਰ ਦੀ ਦੁਰਵਰਤੋਂ ਕੀਤੀ ਹੈ।' ਸਾਲੋਂ ਕੋ ਹੋਸਟਲ ਮੇਂ ਘੁਸ ਕਰ ਤੋੜੋ ਦਾ ਮੈਸੇਜ ਕਰਨ ਵਾਲਾ ਸੌਰਭ ਦੂਬੇ ਹੈ। ਉਸ ਦੇ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ ਕਿ ਉਹ ਦਿੱਲੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਈਵਨਿੰਗ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਉਹ ਜੇ ਐੱਨ ਯੂਆਈਟਸ ਫਾਰ ਮੋਦੀ ਨਾਂਅ ਦਾ ਗਰੁੱਪ ਚਲਾਉਂਦਾ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ 5 ਵੱਜ ਕੇ 39 ਮਿੰਟ ਉੱਤੇ 'ਫਰੈਂਡਸ ਆਫ ਆਰ ਐੱਸ ਐੱਸ' ਨਾਂਅ ਦੇ ਵ੍ਹਟਸਐਪ ਗਰੁੱਪ ਵਿਚ ਇਕ ਵਿਅਕਤੀ ਦਾ ਮੈਸੇਜ ਆਇਆ, 'ਕ੍ਰਿਪਾ ਕਰਕੇ ਇਸ ਗਰੁੱਪ ਵਿਚ ਲੈੱਫਟ ਟੈਰਰ ਦੇ ਖਿਲਾਫ ਯੂਨਿਟੀ ਲਈ ਸ਼ਾਮਲ ਹੋਵੋ। ਇਨ੍ਹਾਂ ਲੋਕਾਂ ਨੂੰ ਮਾਰ ਪੈਣੀ ਚਾਹੀਦੀ ਹੈ। ਬਸ ਇਕ ਹੀ ਦਵਾ ਹੈ।' ਇਸ ਦੇ ਜਵਾਬ ਵਿਚ ਇਕ ਵਿਅਕਤੀ ਨੇ ਮੈਸੇਜ ਕੀਤਾ, 'ਡੀ ਯੂ ਦੇ ਲੋਕਾਂ ਦੀ ਐਂਟਰੀ ਤੁਸੀਂ ਖਜ਼ਾਨ ਸਿੰਘ ਸਵੀਮਿੰਗ ਸਾਈਡ ਵੱਲੋਂ ਕਰਵਾਓ। ਅਸੀਂ ਇਥੇ 25-30 ਲੋਕ ਹਾਂ।' ਇਥੇ ਡੀ ਯੂ ਮਤਲਬ ਦਿੱਲੀ ਯੂਨੀਵਰਸਿਟੀ ਹੈ ਤੇ ਖਜ਼ਾਨ ਸਿੰਘ ਸਵੀਮਿੰਗ ਅਕੈਡਮੀ ਜੇ ਐੱਨ ਯੂ ਦੇ ਅੰਦਰ ਹੈ ਤੇ ਉਸ ਦਾ ਵੱਖਰਾ ਐਂਟਰੀ ਗੇਟ ਹੈ। ਯੂਨੀਵਰਸਿਟੀ ਦੇ ਮੇਨ ਗੇਟ ਤੋਂ ਆਉਣ ਵਾਲਿਆਂ ਦੀ ਜਾਂਚ ਹੁੰਦੀ ਹੈ। ਇਸ ਮੈਸੇਜ ਨੂੰ ਭੇਜਣ ਵਾਲੇ ਦਾ ਨੰਬਰ ਟਰੂ ਕਾਲਰ 'ਤੇ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਇਹ ਵਿਕਾਸ ਪਟੇਲ ਦੇ ਨਾਂਅ 'ਤੇ ਰਜਿਸਟਰਡ ਹੈ। ਉਸ ਨੇ ਆਪਣੇ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ ਕਿ ਉਹ ਏ ਬੀ ਵੀ ਪੀ ਦਾ ਕਾਰਜਕਾਰੀ ਮੈਂਬਰ ਤੇ ਜੇ ਐੱਨ ਯੂ ਵਿਚ ਏ ਬੀ ਵੀ ਪੀ ਦਾ ਉਪ ਪ੍ਰਧਾਨ ਹੈ। ਯੂਨਿਟੀ ਅਗੇਂਸਟ ਲੈਫਟ ਨਾਂਅ ਦੇ ਗਰੁੱਪ ਵਿਚ 8 ਵੱਜ ਕੇ 41 ਮਿੰਟ 'ਤੇ ਇਕ ਵਿਅਕਤੀ ਨੇ ਪੁੱਛਿਆ ਕਿ ਪੁਲਸ ਤਾਂ ਨਹੀਂ ਆ ਗਈ? ਇਕ ਨੇ ਜਵਾਬ ਦਿੱਤਾ, 'ਨਹੀਂ, ਵੀ ਸੀ ਨੇ ਐਂਟਰੀ ਮਨਾ ਕੀਆ ਹੈ। ਅਪਨਾ ਵੀ ਸੀ ਹੈ।'ਟਰੂ ਕਾਲਰ' ਤੇ ਪਤਾ ਲੱਗਿਆ ਕਿ ਇਹ ਨੰਬਰ ਏ ਬੀ ਵੀ ਪੀ ਦੇ ਓਂਕਾਰ ਸ੍ਰੀਵਾਸਤਵ ਦਾ ਹੈ। ਹੁਣ ਦੇਖਣਾ ਹੈ ਕਿ ਸਰਕਾਰ ਨਾਂਅ ਦੀ ਚੀਜ਼ ਇਹਨਾਂ ਨੰਬਰਾਂ ਵਾਲਿਆਂ ਦੇ ਖਿਲਾਫ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ?

Sunday, 13 May 2018

ਦਮਨ ਦੇ ਬਾਵਜੂਦ ਤਲਵਾਰ ਵਾਂਗ ਚੱਲਦੀ ਹੈ ਸੱਚ 'ਤੇ ਪਹਿਰਾ ਦੇਣ ਵਾਲੀ ਕਲਮ

ਪਰੈਸ ਕਲੱਬ ਟਾਂਡਾ ਵੱਲੋਂ ਜਤਿੰਦਰ ਪੰਨੂ ਅਤੇ ਸੁੱਖੀ ਬਾਠ ਦਾ ਸਨਮਾਨ 
ਟਾਂਡਾ: 13 ਮਈ 2018: (ਲੋਕ ਮੀਡੀਆ ਸਕਰੀਨ ਬਿਊਰੋ):: 
ਨਵਾਂ ਜ਼ਮਾਨਾ ਆਰਥਿਕ ਪੱਖੋਂ ਭਾਵੇਂ ਬਾਕੀਆਂ ਦੇ ਮੁਕਾਬਲੇ ਹਮੇਸ਼ਾਂ ਹੀ ਕਮਜ਼ੋਰ ਰਿਹਾ ਪਰ ਇਸ ਅਖਬਾਰ ਨੇ ਬਾਰ ਬਾਰ ਆਪਣੇ ਪਾਠਕਾਂ ਨੂੰ ਮਹਿਸੂਸ ਕਰਾਇਆ ਕਿ ਕਲਮ ਦੀ ਬੁਲੰਦੀ ਕੀ ਹੁੰਦੀ ਹੈ। ਨਵਾਂ ਜ਼ਮਾਨਾ ਤੋਂ ਕੰਮ ਸਿੱਖਣ ਵਾਲੇ ਮਿਹਨਤੀ ਤਕਰੀਬਨ ਹਰ ਅਖਬਾਰ ਦੇ ਡੈਸਕ ਤੱਕ ਪਹੁੰਚੇ। "ਨਵਾਂ ਜ਼ਮਾਨਾ" ਕੋਲ ਕਲਮੀ ਅਮੀਰੀ ਦਾ ਇੱਕ ਲੰਬਾ ਸਿਲਸਿਲਾ ਸੰਭਾਲਿਆ ਪਿਆ ਹੈ। ਇਸ ਵੇਲੇ ਜਤਿੰਦਰ ਪਨੂੰ ਹੁਰੀਂ ਇੱਕ ਜਿਊਂਦੇ ਜਾਗਦੇ ਕਲਮੀ ਚਮਤਕਾਰ ਵੱਜੋਂ ਸਾਡੇ ਦਰਮਿਆਨ ਮੌਜੂਦ ਹਨ। ਉਹਨਾਂ ਦੀ ਇਸ ਚਮਤਕਾਰੀ ਲਿਖਤ ਵਾਲੇ ਪੱਤਰਕਾਰ ਹਨ। 
ਪਰੈਸ ਕਲੱਬ ਟਾਂਡਾ ਵੱਲੋਂ ਪਰੈਸ ਦੀ ਅਜ਼ਾਦੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਪੱਤਰਕਾਰ ਸੰਮੇਲਨ ਸਫਲਤਾਪੂਰਵਕ ਸੰਪੰਨ ਹੋ ਗਿਆ।
ਪ੍ਰੈੱਸ ਕਲੱਬ ਟਾਂਡਾ ਦੇ ਪ੍ਰਧਾਨ ਸਤੀਸ਼ ਜੌੜਾ ਦੀ ਪ੍ਰਧਾਨਗੀ ਹੇਠ ਗ੍ਰੇਟ ਪੰਜਾਬ ਸੈਲੀਬ੍ਰੇਸ਼ਨ 'ਚ ਕਰਵਾਏ ਗਏ ਸੰਮੇਲਨ 'ਚ ਸ. ਹਰਚਰਨ ਸਿੰਘ ਭੁੱਲਰ (ਆਈ.ਪੀ.ਐੱਸ) ਐੱਸ.ਐੱਸ.ਪੀ ਗੁਰਦਾਸਪੁਰ, ਸੁੱਖੀ ਬਾਠ ਕੈਨੇਡਾ (ਫਾਊਂਡਰ ਪੰਜਾਬ ਭਵਨ ਕੈਨੇਡਾ), ਡਾ. ਐੱਸ.ਪੀ. ਸਿੰਘ ਉਬਰਾਏ (ਫਾਊਂਡਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ), ਜਤਿੰਦਰ ਪੰਨੂ ਪਰਾਈਮ ਏਸ਼ੀਆ, ਜਤਿੰਦਰ ਸਿੰਘ ਬੱਲ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਤਿਰਛੀ ਨਜ਼ਰ ਬਲਜੀਤ ਬੱਲੀ, ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਅਤੇ ਪ੍ਰੈੱਸ ਕਲੱਬ ਦਾ ਜਨਰਲ ਸੈਕਟਰੀ ਮੇਜਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨਾਂ 'ਚ ਸੀਨੀਅਰ ਜਰਨਲਿਸਟ ਕਰਮਜੀਤ ਸਿੰਘ ਬਨਵੈਤ ਪੰਜਾਬੀ ਟ੍ਰਿਬਿਊਨ, ਜਨਾਬ ਗੁਰਦੀਪ ਸਿੰਘ ਹੁਸ਼ਿਆਰਪੁਰ, ਵਰਿੰਦਰ ਪਰਿਹਾਰ, ਤਰਲੋਚਨ ਸਿੰਘ ਬਿੱਟੂ ਚੇਅਰਮੈਨ ਸਿਲਵਰ ਓਕ ਸਕੂਲ ਟਾਂਡਾ ਅਤੇ ਰਜਿੰਦਰ ਸਿੰਘ ਡੀ.ਐੱਸ.ਪੀ ਦਸੂਹਾ ਸ਼ਾਮਲ ਹੋਏ।ਉੱਘੇ ਸਮਾਜ ਸੇਵਕ ਮਨਜੀਤ ਸਿੰਘ ਦਸੂਹਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪ੍ਰੈੱਸ ਕਲੱਬ ਦੇ ਪ੍ਰਬੰਧਕ ਸਤੀਸ਼ ਜੌੜਾ, ਦੀਪਕ ਬਹਿਲ, ਸੁਖਵਿੰਦਰ ਸਿੰਘ ਅਰੋੜਾ, ਜਸਵਿੰਦਰ ਸਿੰਘ ਦੁੱਗਲ ਅਤੇ ਸੁਰਿੰਦਰ ਸਿੰਘ ਢਿੱਲੋਂ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
ਪੱਤਰਕਾਰੀ ਦੇ ਖੇਤਰ 'ਚ ਆ ਰਹੀ ਗਿਰਾਵਟ ਅਤੇ ਪਿਛਲੇ ਕੁੱਝ ਸਾਲਾਂ ਤੋਂ ਗੌਰੀ ਲੰਕੇਸ਼ ਸਮੇਤ ਕਈ ਪੱਤਰਕਾਰਾਂ ਨੂੰ ਮੌਤ ਦੀ ਘਾਟ ਉਤਾਰਨਾ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ ਲਗਾਉਂਦਿਆਂ ਜਤਿੰਦਰ ਪਨੂੰ ਨੇ ਕਿਹਾ ਕਿ ਪੱਤਰਕਾਰ ਦੀ ਕਲਮ ਆਜ਼ਾਦ ਹੋਵੇ। ਸ੍ਰੀ ਪਨੂੰ ਨੇ ਕਿਹਾ ਕਿ ਸੱਚ 'ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ ਨੂੰ ਸਰਕਾਰ ਜਿੰਨਾ ਵੀ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰੇ, ਪਰ ਸਚਾਈ 'ਤੇ ਪਹਿਰਾ ਦੇਣ ਵਾਲੀਆਂ ਕਲਮਾਂ ਤਲਵਾਰ ਦੀ ਧਾਰ ਵਾਂਗ ਹਮੇਸ਼ਾ ਚੱਲਦੀਆਂ ਹੀ ਰਹਿਣਗੀਆਂ। ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਤੋਂ ਵੀ ਵਧੇਰੇ ਤਾਕਤ ਰੱਖਦੀ ਹੈ, ਸਿਰਫ ਲੋੜ ਸੱਚ 'ਤੇ ਪਹਿਰਾ ਦੇਣ ਦੀ ਹੀ ਹੁੰਦੀ ਹੈ। ਸੀਨੀਅਰ ਜਰਨਲਿਸਟ ਕਮਲਜੀਤ ਸਿੰਘ ਬਨਵੈਤ ਨੇ ਕਿਹਾ ਕਿ ਪੱਤਰਕਾਰਤਾ ਦੇ ਖੇਤਰ 'ਚ ਆ ਰਹੀਆਂ ਚੁਣੌਤੀਆਂ ਦੇ ਹੱਲ ਲਈ ਸਾਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਪਲੇਟਫਾਰਮ 'ਤੇ ਇੱਕਮੁੱਠ ਹੋਣ ਦੀ ਲੋੜ ਹੈ। ਪਰਮਵੀਰ ਸਿੰਘ ਬਾਠ ਨੇ ਕਿਹਾ ਕਿ ਪੱਤਰਕਾਰੀ ਦੇ ਖੇਤਰ 'ਚ ਸੋਚ 'ਤੇ ਪਹਿਰਾ ਦੇਣ ਵਾਲੀਆਂ ਸ਼ਖਸੀਅਤਾਂ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ ਤਾਂ ਜੋ ਨਵੇਂ ਪੱਤਰਕਾਰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਸਕਣ। ਇਸ ਮੌਕੇ ਸੁੱਖੀ ਬਾਠ ਤੇ ਡਾ. ਐੱਸ.ਪੀ ਸਿੰਘ ਉਬਰਾਏ ਨੂੰ ਉੱਘੇ ਸਮਾਜ ਸੇਵਕ ਦੇ ਤੌਰ 'ਤੇ ਗੌਰਵ ਪੰਜਾਬ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦ ਕਿ ਆਈ.ਪੀ.ਐੱਸ ਸ. ਐੱਚ.ਐੱਸ ਭੁੱਲਰ ਨੂੰ ਨਿਧੜਕ ਤੇ ਇਮਾਨਦਾਰੀ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਕਲਮਾਂ ਦੇ ਸਿਰਨਾਵੇਂ ਹਰਵਿੰਦਰ ਉਹੜਪੁਰੀ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਨਿਧੜਕ ਕਲਮ ਦਾ ਐਵਾਰਡ ਜਤਿੰਦਰ ਪਨੂੰ, ਬਲਜੀਤ ਬੱਲੀ ਤੇ ਮੇਜਰ ਸਿੰਘ ਨੂੰ ਦੇ ਕੇ ਨਿਵਾਜਿਆ ਗਿਆ।ਜਨਾਬ ਗੁਰਦੀਪ ਸਿੰਘ ਨੂੰ ਸੁਰਾਂ ਦਾ ਸ਼ਹਿਜ਼ਾਦਾ ਐਵਾਰਡ ਸ੍ਰੀ ਵਿਪੁਲ ਸਿੰਘ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਪਹੁੰਚੀਆਂ ਹੋਰ ਸ਼ਖਸੀਅਤਾਂ 'ਚ ਐੱਸ.ਐੱਮ.ਓ ਕੇਵਲ ਸਿੰਘ, ਕਮਲਜੀਤ ਸਿੰਘ ਕੁਲਾਰ, ਜਵਾਹਰ ਲਾਲ ਖੁਰਾਣਾ, ਬੀਬੀ ਸੁਖਦੇਵ ਕੌਰ ਸੱਲਾ, ਸੁਖਵਿੰਦਰ ਸਿੰਘ ਮੂਨਕਾਂ, ਵਿਕਰਮ ਸਿੰਘ ਲਾਲੀ, ਸਰਬਜੀਤ ਸਿੰਘ ਐੱਮ.ਡੀ, ਇੰਸਪੈਕਟਰ ਬਲਵਿੰਦਰ ਜੌੜਾ, ਮੈਨੇਜਰ ਸੁਖਵਿੰਦਰ ਸਿੰਘ ਦਸੂਹਾ, ਬੀ.ਐੱਸ ਬੱਲੀ ਸਾਬਕਾ ਡੀ.ਪੀ.ਆਰ.ਓ, ਜੀ.ਐੱਸ ਕਾਲਕਟ ਸਾਬਕਾ ਡੀ. ਪੀ.ਆਰ.ਓ, ਸਰਪੰਚ ਸਤਪਾਲ ਬੇਰਛਾ, ਪ੍ਰਿੰਸੀਪਲ ਸਲਿੰਦਰ ਸਿੰਘ, ਦੇਸ ਰਾਜ ਡੋਗਰਾ, ਹਰਮੀਤ ਸਿੰਘ ਔਲਖ, ਜਸਵੀਰ ਸਿੰਘ ਰਾਜਾ, ਹਰਜੀਤ ਸਿੰਘ ਖਾਲਸਾ, ਹਨੀ ਗਿੱਲ ਦਸੂਹਾ, ਗੁਰਜੀਤ ਸਿੰਘ ਨੀਲਾ ਨਲੋਆ, ਲਖਵਿੰਦਰ ਸਿੰਘ ਲੱਖਾ ਮੁਲਤਾਨੀ ਵੀ ਹਾਜ਼ਰ ਸਨ। 

Monday, 23 April 2018

ਇਹ ਖ਼ਬਰ ਸੌ ਫ਼ੀਸਦੀ ਫ਼ਰਜ਼ੀ ਸੀ--ਨਵਾਂ ਜ਼ਮਾਨਾ

ਮੌਜੂਦਾ ਦੌਰ ਦੀ ਪੱਤਰਕਾਰੀ ਦੇ ਇਤਿਹਾਸ ਦਾ ਸਭ ਤੋਂ ਕਾਲਾ ਤੇ ਸ਼ਰਮਨਾਕ ਦੌਰ 
ਖਬਰਾਂ ਨਾਲ ਹਵਾ ਦਾ ਰੁੱਖ ਬਦਲਣਾ-ਦਿਨ ਨੂੰ ਰਾਤ ਕਹਿਣਾ ਅਤੇ ਰਾਤ ਨੂੰ ਦਿਨ ਆਖਣਾ---ਇਹ ਸਿਲਸਿਲਾ ਹੁਣ ਆਮ ਹੋ ਗਿਆ ਹੈ। ਮੀਡੀਆ ਦਾ ਵੱਡਾ ਹਿੱਸਾ ਹੁਣ ਰਖੇਲ ਵਾਂਗ ਵਿਚਰ ਰਿਹਾ ਹੈ। ਆਪਣੇ ਆਕਾਵਾਂ ਦੇ ਪੀ ਆਰ ਓ ਬਣ ਚੁੱਕੇ ਹਨ ਕਈ ਮੀਡੀਆ ਹਾਊਸ। ਮਾਸੂਮ ਬੱਚੀ ਨਾਲ ਹੋਇਆ ਅਣਮਨੁੱਖੀ ਕਾਰਾ ਵੀ ਇਹਨਾਂ ਕਾਰੋਬਾਰੀਆਂ ਦੇ ਦਿਲਾਂ ਦਿਲਾਂ ਨੂੰ ਨਹੀਂ ਝੰਜੋੜਦਾ। ਇਸਦੇ ਬਾਵਜੂਦ ਲੋਕ ਪੱਖੀ ਮੀਡੀਆ ਵੱਲੋਂ ਸੱਚ ਦੀ ਮਸ਼ਾਲ ਰੌਸ਼ਨ ਰਹੇਗੀ। ਉਮੀਦ ਹੈ ਸਮਾਜ ਇਸ ਹਕੀਕਤ ਨੂੰ ਜਲਦੀ ਤੋਂ ਜਲਦੀ ਸਮਝ ਲਵੇਗਾ ਕਿ ਲੋਕ ਪੱਖੀ ਮੀਡੀਆ ਨੂੰ ਮਜ਼ਬੂਤ ਬਣਾਉਣਾ ਕਿੰਨਾ ਜ਼ਰੂਰੀ ਹੈ। ਰੋਜ਼ਾਨਾ ਨਵਾਂ ਜ਼ਮਾਨਾ ਨੇ ਇਸ ਫੇਕ ਖਬਰ ਵਾਲੇ ਮੀਡੀਆ ਦੀ ਚੰਗੀ ਖਬਰ ਲਈ ਹੈ। ਨਵਾਂ ਜ਼ਮਾਨਾ ਨੇ "ਸੱਚ ਨਾਲ ਬਲਾਤਕਾਰ!" ਸਿਰਲੇਖ ਹੇਠ ਸੰਪਾਦਕੀ ਲਿਖਿਆ ਹੈ ਜਿਹੜਾ ਅੱਜ ਦੇ ਕਾਲੇ ਯੁਗ ਦਾ ਇੱਕ ਮਹੱਤਵਪੂਰਨ ਦਸਤਾਵੇਜ਼ੀ ਸਬੂਤ ਹੈ। 
ਸੱਚ ਨਾਲ ਬਲਾਤਕਾਰ!
ਪਿਛਲੇ ਕੁਝ ਸਮੇਂ ਤੋਂ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਤੇ ਹੱਤਿਆਵਾਂ ਦਾ ਸਿਲਸਿਲਾ ਰੁਕਣ ਵਿੱਚ ਨਹੀਂ ਆ ਰਿਹਾ। ਇਹਨਾਂ ਹੈਵਾਨੀਅਤ ਭਰੀਆਂ ਘਟਨਾਵਾਂ ਵਿਰੁੱਧ ਸਮੁੱਚੇ ਦੇਸ ਵਿੱਚ ਲੋਕ ਸੜਕਾਂ ਉੱਤੇ ਨਿਕਲ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਜੰਮੂ ਦੇ ਕਠੂਆ ਵਿੱਚ ਇੱਕ ਅੱਠ ਸਾਲਾ ਬੱਚੀ ਦੀ ਗੈਂਗਰੇਪ ਤੋਂ ਬਾਅਦ ਕੀਤੀ ਗਈ ਹੱਤਿਆ ਵਿਰੁੱਧ ਤਾਂ ਕੌਮਾਂਤਰੀ ਭਾਈਚਾਰੇ ਨੇ ਵੀ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਪਹਿਲਾਂ ਯੂ ਐੱਨ ਦੇ ਸਕੱਤਰ ਜਨਰਲ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਿਆਂ ਮੰਗ ਕੀਤੀ ਗਈ ਸੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਹੁਣ ਦੁਨੀਆ ਭਰ ਦੇ 600 ਸਿੱਖਿਆ ਸ਼ਾਸਤਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਲਿਖੇ ਖੁੱਲ੍ਹੇ ਖਤ ਵਿੱਚ ਕਠੂਆ ਅਤੇ ਉਨਾਵ ਬਲਾਤਕਾਰ ਮਾਮਲਿਆਂ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੰਬੋਧਤ ਆਪਣੇ ਪੱਤਰ ਵਿੱਚ ਕਿਹਾ ਹੈ, 'ਅਸੀਂ ਕਠੂਆ-ਉਨਾਵ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਉੱਤੇ ਆਪਣੇ ਗਹਿਰੇ ਗੁੱਸੇ ਅਤੇ ਪੀੜ ਦਾ ਇਜ਼ਹਾਰ ਕਰਦੇ ਹਾਂ। ਅਸੀਂ ਦੇਖਿਆ ਹੈ ਕਿ ਦੇਸ ਦੀ ਗੰਭੀਰ ਸਥਿਤੀ ਅਤੇ ਸੱਤਾਪੱਖੀਆਂ ਦੇ ਹਿੰਸਾ ਨਾਲ ਜੁੜੇ ਹੋਣ ਦੀਆਂ ਘਟਨਾਵਾਂ ਸੰਬੰਧੀ ਤੁਸੀਂ ਲੰਮੀ ਚੁੱਪ ਵੱਟ ਰੱਖੀ ਹੈ।' ਇਸ ਪੱਤਰ ਉੱਤੇ ਨਿਊ ਯਾਰਕ ਵਿਸ਼ਵ ਵਿਦਿਆਲਿਆ, ਬਰਾਊਨ ਵਿਸ਼ਵ ਵਿਦਿਆਲਿਆ, ਹਾਵਰਡ ਵਿਸ਼ਵ ਵਿਦਿਆਲਿਆ ਤੇ ਕੋਲੰਬੀਆ ਵਿਸ਼ਵ ਵਿਦਿਆਲਿਆ ਸਮੇਤ ਵੱਖ-ਵੱਖ ਆਈ ਆਈ ਟੀ ਸੰਸਥਾਨਾਂ ਦੇ ਪ੍ਰੋਫ਼ੈਸਰਾਂ ਤੇ ਵਿਦਵਾਨਾਂ ਨੇ ਦਸਤਖ਼ਤ ਕੀਤੇ ਹਨ।
ਇਸ ਤੋਂ ਪਹਿਲਾਂ ਦੇਸ ਦੇ 49 ਰਿਟਾਇਰ ਅਫ਼ਸਰਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਖਤ ਲਿਖਿਆ ਸੀ। ਇਸ ਖਤ ਵਿੱਚ ਲਿਖਿਆ ਗਿਆ ਸੀ, 'ਕਠੂਆ ਤੇ ਉਨਾਵ ਦੀਆਂ ਦਰਦਨਾਕ ਘਟਨਾਵਾਂ ਦੱਸਦੀਆਂ ਹਨ ਕਿ ਸਰਕਾਰ ਆਪਣੀਆਂ ਬਹੁਤ ਹੀ ਮੁੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਹੋਈ ਹੈ। ਇਹ ਸਾਡਾ ਸਭ ਤੋਂ ਕਾਲਾ ਦੌਰ ਹੈ ਅਤੇ ਇਸ ਨਾਲ ਨਿਪਟਣ ਵਿੱਚ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਬਹੁਤ ਹੀ ਘੱਟ ਤੇ ਪੇਤਲੀ ਹੈ।' ਪੱਤਰ ਵਿੱਚ ਅੱਗੇ ਲਿਖਿਆ ਗਿਆ ਸੀ, 'ਨਾਗਰਿਕ ਸੇਵਾਵਾਂ ਨਾਲ ਜੁੜੇ ਸਾਡੇ ਨੌਜਵਾਨ ਅਫ਼ਸਰ ਵੀ ਜਾਪਦਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਰਹੇ ਹਨ।' ਇਸ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਕਠੂਆ ਤੇ ਉਨਾਵ ਪੀੜਤਾਂ ਦੇ ਪਰਵਾਰਾਂ ਤੋਂ ਮਾਫ਼ੀ ਮੰਗਣ ਅਤੇ ਇਹਨਾਂ ਕੇਸਾਂ ਦੀ ਫ਼ਾਸਟ ਟਰੈਕ ਜਾਂਚ ਕਰਾਈ ਜਾਏ।
ਜਦੋਂ ਦੇਸ ਤੇ ਦੁਨੀਆ ਭਰ ਵਿੱਚ ਬਲਾਤਕਾਰਾਂ ਦੇ ਇਹਨਾਂ ਕੇਸਾਂ ਵਿਰੁੱਧ ਗੁੱਸੇ ਦਾ ਆਲਮ ਹੈ, ਉਸ ਸਮੇਂ ਭਾਜਪਾ ਦੀ ਰਖੈਲ ਬਣ ਚੁੱਕਾ ਮੀਡੀਆ ਦਾ ਇੱਕ ਹਿੱਸਾ ਬੇਸਿਰ-ਪੈਰ ਦੀਆਂ ਮਨਘੜਤ ਖ਼ਬਰਾਂ ਲਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਬੀਤੀ 20 ਤਰੀਕ ਨੂੰ ਇੱਕ ਵੱਡੇ ਮੀਡੀਆ ਹਾਊਸ ਨੇ ਆਪਣੇ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਇੱਕ ਖ਼ਬਰ ਛਾਪੀ, ਜਿਸ ਦਾ ਸਿਰਲੇਖ ਸੀ, 'ਕਠੂਆ ਮੇਂ ਬੱਚੀ ਸੇ ਨਹੀਂ ਹੂਆ ਥਾ ਦੁਸ਼ਕਰਮ, ਸਵਾਲਾਂ ਦੇ ਘੇਰੇ ਵਿੱਚ ਚਾਰਜਸ਼ੀਟ'। ਇਸ ਖ਼ਬਰ ਨੂੰ ਪੱਤਰਕਾਰੀ ਦੇ ਇਤਿਹਾਸ ਵਿੱਚ ਸਭ ਤੋਂ ਸ਼ਰਮਨਾਕ ਖ਼ਬਰਾਂ ਵਿੱਚ ਇੱਕ ਨੰਬਰ ਉੱਤੇ ਰੱਖਿਆ ਜਾ ਸਕਦਾ ਹੈ। ਇਹ ਖ਼ਬਰ ਸੌ ਫ਼ੀਸਦੀ ਫ਼ਰਜ਼ੀ ਸੀ।   
ਇਸ ਖ਼ਬਰ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਨੇ ਆਪਣਾ ਪੱਖ ਪੇਸ਼ ਕਰ ਕੇ ਸਪੱਸ਼ਟ ਕਿਹਾ ਕਿ ਇਹ ਖ਼ਬਰ ਬਿਲਕੁੱਲ ਝੂਠੀ ਹੈ। ਇਸ ਸੰਬੰਧੀ ਪੁਲਸ ਦੇ ਐੱਸ ਐੱਸ ਪੀ (ਕਰਾਈਮ) ਰਮੇਸ਼ ਜਾਲਾ ਨੇ ਕਿਹਾ, 'ਪਿਛਲੇ ਦਿਨੀਂ ਪ੍ਰਸਾਰਤ ਮੀਡੀਆ ਰਿਪੋਰਟਾਂ ਗ਼ਲਤ ਹਨ। ਜਾਂਚ ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਪੀੜਤਾ ਨਾਲ ਬਲਾਤਕਾਰ ਕੀਤਾ ਗਿਆ ਤੇ ਅਜਿਹਾ ਮੈਡੀਕਲ ਮਾਹਰਾਂ ਦੀ ਰਾਇ ਦੇ ਆਧਾਰ ਉੱਤੇ ਕਿਹਾ ਗਿਆ ਹੈ।' ਜ਼ਿਕਰ ਯੋਗ ਹੈ ਕਿ ਦਿੱਲੀ ਦੀ ਫੋਰੈਂਸਿਕ ਸਾਇੰਸ ਲੈਬ ਨੇ ਆਪਣੀ ਰਿਪੋਰਟ ਵਿੱਚ ਨਾ ਸਿਰਫ਼ ਬੱਚੀ ਨਾਲ ਹੋਏ ਬਲਾਤਕਾਰ ਦੀ ਪੁਸ਼ਟੀ ਕੀਤੀ ਹੈ, ਬਲਕਿ ਸਪੱਸ਼ਟ ਕਿਹਾ ਹੈ ਕਿ ਮੰਦਰ ਅੰਦਰੋਂ ਜੋ ਖ਼ੂਨ ਦੇ ਧੱਬੇ ਮਿਲੇ ਸਨ, ਉਹ ਪੀੜਤਾ ਦੇ ਸਨ। ਉਥੋਂ ਜੋ ਵਾਲਾਂ ਦਾ ਗੁੱਛਾ ਮਿਲਿਆ, ਉਹ ਇੱਕ ਦੋਸ਼ੀ ਸ਼ੁਭਮ ਦਾ ਸੀ। ਪੀੜਤਾ ਦੇ ਗੁਪਤ ਅੰਗ ਅਤੇ ਕੱਪੜਿਆਂ 'ਤੇ ਮਿਲੇ ਖ਼ੂਨ ਦੇ ਧੱਬੇ ਉਸ ਦੇ ਡੀ ਐੱਨ ਏ ਨਾਲ ਮਿਲਦੇ ਹਨ।
ਇਸ ਖ਼ਬਰ ਪਿੱਛੇ ਇਸ ਮੀਡੀਆ ਹਾਊਸ ਦੀ ਰਾਜਨੀਤੀ ਸਮਝਣ ਲਈ ਉਸ ਦੇ ਪਾਠਕਾਂ ਦੀ ਗਿਣਤੀ ਜਾਣਨੀ ਜ਼ਰੂਰੀ ਹੈ। ਇਸ ਮੀਡੀਆ ਹਾਊਸ ਦੇ ਹਿੰਦੀ ਵਿੱਚ ਛਪਦੇ ਅਖ਼ਬਾਰ ਦੇ ਪਾਠਕਾਂ ਦੀ ਗਿਣਤੀ 7 ਕਰੋੜ ਤੋਂ ਵੱਧ ਹੈ। ਇਹ ਅਖ਼ਬਾਰ ਹਿੰਦੀ ਭਾਸ਼ਾਈ ਰਾਜਾਂ ਦੇ ਪੇਂਡੂ ਹਲਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੜ੍ਹਿਆ ਜਾਂਦਾ ਹੈ। ਇਹ ਝੂਠੀ ਖ਼ਬਰ ਛਾਪ ਕੇ ਅਖ਼ਬਾਰ ਆਪਣੇ 7 ਕਰੋੜ ਤੋਂ ਵੱਧ ਪਾਠਕਾਂ ਦੇ ਦਿਮਾਗ਼ਾਂ ਵਿੱਚ ਇਹ ਗੱਲ ਭਰਨ ਵਿੱਚ ਕਾਮਯਾਬ ਹੋਇਆ ਹੈ ਕਿ ਕਠੂਆ ਵਿੱਚ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਨਹੀਂ ਹੋਇਆ। ਇਸ ਨਾਲ ਜਿਹੜੇ ਲੋਕ ਧਰਮ ਦੇ ਨਾਂਅ ਉੱਤੇ ਦੋਸ਼ੀਆਂ ਦਾ ਬਚਾਅ ਕਰ ਰਹੇ ਸਨ, ਉਨ੍ਹਾਂ ਦੇ ਹੌਸਲੇ ਬੁਲੰਦ ਹੋਏ। ਸੋਸ਼ਲ ਮੀਡੀਆ ਉੱਤੇ ਪਾਈ ਗਈ ਇਸ ਖ਼ਬਰ ਨੂੰ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ। ਇੱਕ ਕਹਾਵਤ ਹੈ ਕਿ ਝੂਠ ਨੂੰ ਜੇ ਸੌ ਵਾਰ ਦੁਹਰਾਇਆ ਜਾਵੇ ਤਾਂ ਉਹ ਸੱਚ ਬਣ ਜਾਂਦਾ ਹੈ। ਇਹੋ ਮਕਸਦ ਸੀ ਇਸ ਮਨਘੜਤ ਖ਼ਬਰ ਨੂੰ ਪ੍ਰਸਾਰਤ ਕਰਨ ਦਾ। ਧਰਮ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਨੂੰ ਇਸ ਦਾ ਵੱਡਾ ਫਾਇਦਾ ਹੋਇਆ। ਹਿੰਦੂ ਧਰਮ ਦੇ ਨਾਂਅ ਉੱਤੇ ਖ਼ੁਦ ਭਾਜਪਾ ਨੇਤਾ ਬਲਾਤਕਾਰੀਆਂ ਦਾ ਬਚਾਅ ਕਰ ਰਹੇ ਸਨ। ਇਸ ਦਾ ਮਤਲਬ ਹੈ ਕਿ ਇਸ ਖ਼ਬਰ ਦਾ ਭਾਜਪਾ ਨੂੰ ਰਾਜਨੀਤਕ ਲਾਭ ਹੋਇਆ।

ਅਖ਼ਬਾਰ ਦਾ ਇਸ ਝੂਠੀ ਖ਼ਬਰ ਨਾਲ ਕੁਝ ਨਹੀਂ ਵਿਗੜਣਾ। ਗੱਲ ਵਧੇਗੀ ਤਾਂ ਅਖ਼ਬਾਰ ਮਾਫ਼ੀ ਮੰਗ ਲਵੇਗਾ, ਪਰ ਇਸ ਨਾਲ 7 ਕਰੋੜ ਪਾਠਕਾਂ ਦੇ ਦਿਮਾਗ਼ਾਂ ਵਿੱਚ ਪਾਈ ਗੱਲ ਤਾਂ ਨਹੀਂ ਨਿਕਲ ਜਾਵੇਗੀ। ਮੌਜੂਦਾ ਦੌਰ ਪੱਤਰਕਾਰੀ ਦੇ ਇਤਿਹਾਸ ਦਾ ਸਭ ਤੋਂ ਕਾਲਾ ਤੇ ਸ਼ਰਮਨਾਕ ਦੌਰ ਹੈ। ਸੰਪਾਦਕ ਆਪਣਾ ਈਮਾਨ ਆਪਣੇ ਰਾਜਨੀਤਕ ਆਕਾਵਾਂ ਦੇ ਹੱਥੀਂ ਵੇਚ ਰਹੇ ਹਨ। ਹਰ ਰੋਜ਼ ਆਪਣੇ ਪਾਠਕਾਂ ਤੇ ਦਰਸ਼ਕਾਂ ਨੂੰ ਝੂਠ ਪਰੋਸਿਆ ਜਾ ਰਿਹਾ ਹੈ। ਲੋਕਤੰਤਰ ਦੇ ਇਸ ਚੌਥੇ ਖੰਭੇ ਦੀ ਹਾਲਤ ਜਰਜਰ ਹੋ ਚੁੱਕੀ ਹੈ। ਇਹ ਸਾਡੇ ਲੋਕਤੰਤਰ ਦੀ ਸਭ ਤੋਂ ਵੱਡੀ ਤਰਾਸਦੀ ਹੈ।

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM  ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ?  ਲੁਧਿਆਣਾ // ਮੋਹਾਲੀ : 22 ਦਸੰਬਰ 2021 : ( ਰੈਕਟਰ ਕ...