Showing posts with label Social Media. Show all posts
Showing posts with label Social Media. Show all posts

Sunday, 22 August 2021

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM

 ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ? 


ਲੁਧਿਆਣਾ//ਮੋਹਾਲੀ: 22 ਦਸੰਬਰ 2021: (ਰੈਕਟਰ ਕਥੂਰੀਆ//ਲੋਕ ਮੀਡੀਆ ਸਕਰੀਨ)::

ਕਿਸੇ ਵੇਲੇ ਇੱਕ ਬੜੀ ਪ੍ਰਸਿੱਧ ਰਿਕਾਰਡਿੰਗ ਕੰਪਨੀ ਹੋਇਆ ਕਰਦੀ ਸੀ ਜਿਸਦੇ ਗਾਣੇ ਤਵਿਆਂ ਤੇ ਚੱਲਦੇ ਸਨ ਕਿਓਂਕਿ ਕੈਸਟਾਂ ਅਜੇ ਆਮ ਨਹੀਂ ਸਨ ਹੋਈਆਂ। ਉਹਨਾਂ ਕਾਲੇ ਤਵਿਆਂ ਤੇ ਇੱਕ ਤਸਵੀਰ ਬਣੀ ਹੁੰਦੀ ਸੀ ਜੋ ਦਿਖਾਉਂਦੀ ਸੀ ਕਿ ਸਪੀਕਰ ਚੋਂ ਆਉਂਦੀ ਆਵਾਜ਼ ਨੂੰ ਸਪੀਕਰ ਸਾਹਮਣੇ ਬੈਠਾ ਕੁੱਤਾ ਬੜੇ ਹੀ ਧਿਆਨ ਨਾਲ ਮਗਨ ਹੋ ਕੇ ਸੁਣ ਰਿਹਾ ਹੈ। ਇਹ ਕੰਪਨੀ ਸੰਨ 1898 ਸਮੇਂ ਲੰਡਨ ਵਿੱਚ ਬਣੀ ਸੀ। ਸੰਨ 1901 ਵਿੱਚ ਇਸਦਾ ਬ੍ਰਾਂਡ ਅਤੇ ਲੋਗੋ ਵੀ ਕਾਨੂੰਨੀ ਇਜ਼ਾਜ਼ਤਾਂ ਮਗਰੋਂ ਲੋਕਾਂ ਸਾਹਮਣੇ ਆ ਗਿਆ। ਉਸ ਕੰਪਨੀ ਦੇ ਗੀਤਾਂ ਵਾਲੇ ਤਵੇ ਬੜੇ ਪ੍ਰਸਿੱਧ ਹੋਏ। ਛੋਟੇ ਤਵੇ ਵੀ ਹੁੰਦੇ ਸਨ ਅਤੇ ਵੱਡੇ ਤਵੇ ਵੀ। ਬੜੀ ਵਿਕਰੀ ਵੀ ਹੋਈ। ਬੇਹੱਦ ਹਰਮਨ ਪਿਆਰੇ ਹੋ ਗਏ। ਹਰ ਘਰ ਵਿੱਚ ਗ੍ਰਾਮੋਫੋਨ ਸਟੇਟਸਸਿੰਬਲ ਬਣ ਗਿਆ। ਬਾਕਾਇਦਾ ਐਲਬਮ ਵੀ ਵੱਧ ਤੋਂ ਵੱਧ ਹੁੰਦੀਆਂ ਸਨ।  

ਕਈ ਲੋਕ ਖੁਦ ਨੂੰ ਇਸ ਇੰਡਸਟਰੀ ਦੇ ਕਮਿਸ਼ਨ ਏਜੰਟਾਂ ਵਾਂਗ ਦੱਸਣ ਲੱਗ ਪਏ। ਕੋਈ ਆਪਣੇ ਆਪ ਨੂੰ ਕਿਸੇ ਗਾਇਕ ਜਾਂ ਗਾਇਕਾ ਦੇ ਨੇੜੇ ਦੱਸਦਾ ਅਤੇ ਕੋਈ ਸਿੱਧਾ ਕੰਪਨੀ ਦੇ ਨੇੜੇ ਆਖਦਾ। ਇਹਨਾਂ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਨਵੇਂ ਗੀਤਕਾਰਾਂ ਨੇ ਇਹਨਾਂ ਦੇ ਦੱਸੇ ਅਨੁਸਾਰ ਭੈੜੇ ਤੋਂ ਭੈੜੇ ਲੱਚਰ ਗੀਤ ਵੀ ਲਿਖੇ ਅਤੇ ਗਾਇਕ ਵਰਗ ਨੇ ਗਾਏ ਵੀ। ਇਹਨਾਂ ਦੋਹਾਂ ਵਰਗਾਂ ਦਾ ਸ਼ੋਸ਼ਣ ਵੀ ਰੱਜ ਕੇ ਹੋਇਆ ਪਰ ਕੁੱਤੇ ਵਾਲੀ ਇਸ ਤਸਵੀਰ ਦਾ ਜਾਦੂ ਸਾਡੇ ਸਮਾਜ ਤੇ ਗੂਹੜਾ ਹੁੰਦਾ ਚਲਾ ਗਿਆ। ਇਹ ਅਜੇ ਤੱਕ ਨਹੀਂ ਉੱਤਰਿਆ। 

ਗ੍ਰਾਮੋਫੋਨ ਦੇ ਉਸ ਜ਼ਮਾਨੇ ਆ ਚੇਤਾ ਅੱਜ ਵੀ ਅਕਸਰ ਆ ਜਾਂਦਾ ਹੈ। ਇਸ ਕੁੱਤੇ ਦੀ ਤਸਵੀਰ ਨੇ ਸ਼ਾਇਦ ਬਹੁਤਿਆਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਬਸ ਆਪਣੇ ਮਾਲਕ ਦੀ ਆਵਾਜ਼ ਸੁਣਨੀ ਹੈ ਚੋਰ ਸੰਨ ਲਾਉਂਦਾ ਹੈ ਤਾਂ ਲਾਉਂਦਾ ਰਹੇ ਆਪਾਂ ਕੀ ਲੈਣਾ? ਉਦੋਂ ਤੱਕ ਆਪਾਂ ਨੀ ਭੌਂਕਣਾ ਜਦੋਂ ਤੱਕ ਮਾਲਕ ਨਾ ਕਹੇ! ਬਸ ਚੁੱਪ ਰਹਿ ਕੇ ਆਪਣਾ ਸੰਗੀਤ ਸੁਣਨਾ ਹੈ। ਆਖਦੇ ਨੇ ਸਭ ਤੋਂ ਮਿੱਠਾ ਮਧੁਰ ਸੰਗੀਤ ਪੈਸਿਆਂ ਦੀ ਖਨਕ ਵਾਲਾ ਹੁੰਦਾ ਹੈ। ਸਿੱਕਿਆਂ ਦੀ ਖਨਕ, ਨੋਟਾਂ ਦੀ ਖਨਕ ਵਰਗੀ ਮਹਿਕ ਅਤੇ ਰੰਗਤ। ਜਿਹੜਾ ਜਿਹੜਾ ਇਹ ਸੰਗੀਤ ਸੁਣਾ ਸਕੇ ਉਹੀ ਮਾਲਕ ਬਣਨ ਦੇ ਕਾਬਲ ਸਮਝਿਆ ਜਾਣ ਲੱਗ ਪਿਆ। ਇਸ ਲਈ ਮਾਲਕਾਂ ਦੀ ਭਾਲ ਵੀ ਬੜੀ ਤੇਜ਼ੀ ਨਾਲ ਸ਼ੁਰੂ ਹੋਈ। ਇਸ ਭਾਲ ਵਿੱਚ ਵੀ ਬਥੇਰਿਆਂ ਦਾ ਸ਼ੋਸ਼ਣ ਹੋਇਆ ਅਤੇ ਬਥੇਰੇ ਤਾਂ ਉਂਝ ਹੀ ਰੁਲ ਗਏ। 

ਇਸ ਦੇ ਬਾਵਜੂਦ ਹਰ ਸ਼ਹਿਰ ਹਰ ਪਿੰਡ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਪੰਚ, ਸਰਪੰਚ, ਕੌਂਸਲਰ, ਐਮ ਐਲ ਏ ਜਾਂ ਐਮ ਪੀ ਦਾ ਪ੍ਰੈਸ ਸਕੱਤਰ ਬਣਿਆ ਦੇਖਿਆ ਜਾ ਸਕਦਾ ਹੈ। ਚੋਣਾਂ ਵਿਚ ਇਹਨਾਂ ਦੀ ਝੰਡੀ ਹੁੰਦੀ ਹੈ। ਇਸ ਸਾਰੇ ਘਟਨਾਕ੍ਰਮ ਵਿੱਚ ਪਾਲਤੂ ਕੁੱਤੇ ਬਣਨ ਦੇ ਚਾਹਵਾਨਾਂ ਦੀ ਲਾਈਨ ਬੜੀ ਲੰਮੀ ਹੋਣ ਲੱਗ ਪਈ।  ਇਸ ਤਰ੍ਹਾਂ ਇਕ ਨਵੀਂ ਕਿਸਮ ਦੀ ਇੰਡਸਟਰੀ ਵੀ ਸਾਹਮਣੇ ਆਈ। ਇਹਨਾਂ ਵਿੱਚੋਂ ਬਹੁਤਿਆਂ ਕੋਲ ਦਲੀਲ ਸੀ ਕੀ ਜੇ ਯੋਗਿੰਦਰ ਯਾਦਵ ਸਿਆਸਤ ਵਿਚ ਆ ਸਕਦਾ ਹੈ ਤਾਂ ਅਸੀਂ ਕਿਓਂ ਨਹੀਂ ਆ ਸਕਦੇ? ਜੇ ਮਾਲਵਿੰਦਰ ਮਾਲੀ ਸਲਾਹਕਾਰ ਬਣ ਸਕਦਾ ਹੈ ਤਾਂ ਅਸੀਂ ਕਿਓਂ ਨਹੀਂ ਬਣ ਸਕਦੇ। ਸ਼ਾਇਦ ਬਹੁਤਿਆਂ ਨੇ ਵੱਖ ਵੱਖ ਥਾਂਈਂ ਅਰਜ਼ੀਆਂ ਵੀ ਦੇ ਦਿੱਤੀਆਂ ਹੋਣ ਕਿ ਸਾਨੂੰ ਸਲਾਹਕਾਰ ਬਣਾਓ। ਅਸੀਂ ਬਹੁਤ ਚੰਗੇ ਪਾਲਤੂ ਬਣਾਂਗੇ।  ਇਹ ਗੱਲ ਵੱਖਰੀ ਹੈ ਇਹਨਾਂ ਨੂੰ ਨਾ ਤਾਂ ਯੋਗਿੰਦਰ ਯਾਦਵ ਵਾਲੀ ਸੋਚ ਦੀ ਕਦੇ ਸਮਝ ਆਈ ਹੋਣੀ ਹੈ ਤੇ ਨਾ ਹੀ ਮਾਲਵਿੰਦਰ ਮਾਲੀ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਮਾੜੀ ਮੋਟੀ ਜਾਣਕਾਰੀ ਕਦੇ ਮਿਲੀ ਹੋਣੀ ਹੈ। ਮਾਲਵਿੰਦਰ ਮਾਲੀ ਦਾ ਜੀਵਨ ਵੀ ਖੁੱਲੀ ਕਿਤਾਬ ਵਾਂਗ ਹੈ ਕੁਝ ਵੀ ਪੁੱਛਿਆ ਜਾਏ ਬੜੀ ਆਸਾਨੀ ਨਾਲ ਪਤਾ ਲੱਗ ਜਾਏਗਾ।  ਮਾਲੀ ਕੋਲ ਇਹਨਾਂ ਲੋਕਾਂ ਵਾਂਗ ਲੁਕਾਉਣ ਲਈ ਕੁਝ ਨਹੀਂ। ਨਾ ਹੀ ਲਾਈਫ ਸਟਾਈਲ ਵਿੱਚ ਤੇ ਨਾ ਹੀ ਕੈਰੀਅਰ ਵਿੱਚ।ਪਰ ਇੱਕ ਗੱਲ ਸਾਫ ਹੈ ਕਿ ਪਾਲਤੂ ਬਣਨ ਦਾ ਰਿਵਾਜ ਅੱਜ ਦਾ ਨਹੀਂ ਬੜਾ ਪੁਰਾਣਾ ਹੈ। ਇਸਦੇ ਨਵੇਂ ਚੈਪਟਰ ਨੂੰ ਵੀ ਕਈ ਦਹਾਕੇ ਹੋਣ ਲੱਗੇ ਹਨ। 

ਹੁਣ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ ਅਤੇ ਪੰਡਤ ਜਵਾਹਰ ਲਾਲ ਨਹਿਰੂ ਵਾਲਾ ਜ਼ਮਾਨਾ ਤਾਂ ਨਹੀਂ ਰਿਹਾ ਨ। ਹੁਣ ਤਾਂ ਮੀਡੀਆ ਅਦਾਰਿਆਂ ਦੇ ਅਸਲੀ ਮਾਲਕ ਵੀ ਆਪਣੇ ਸੰਪਾਦਕਾਂ ਦਾ ਕੋਈ ਨਾ ਕੋਈ ਹੋਰ ਚੇਹਰਾ ਹੀ ਅੱਗੇ ਰੱਖਦੇ ਹਨ। ਖੁਦ ਲੁੱਕੇ ਰਹਿੰਦੇ ਹਨ। ਸੋ ਅੱਜ ਦੇ ਭਰਮਾਂ ਭੁਲੇਖਿਆਂ ਨੂੰ ਸਾਜ਼ਿਸ਼ੀ ਤੌਰ ਤੇ ਵਧਾਏ ਜਾਣ ਵਾਲੇ ਇਸ ਮੌਜੂਦਾ ਦੌਰ ਵਿੱਚ ਮਾਲਵਿੰਦਰ ਮਾਲੀ ਹੁਰਾਂ ਦੀ ਲਿਖਤ ਅੱਖਾਂ ਖੋਹਲਦੀ ਹੈ। ਵੱਧ ਤੋਂ ਵੱਧ ਪੜ੍ਹੀ ਜਾਏ ਇਹ ਬਹੁਤ ਜ਼ਰੂਰੀ ਹੈ ਅਤੇ ਸਮਾਜ ਦੇ ਭਲੇ ਵਿੱਚ ਹੈ। -ਰੈਕਟਰ ਕਥੂਰੀਆ  


ਮਾਲਵਿੰਦਰ ਸਿੰਘ ਮਾਲੀ ਲਿਖਦੇ ਹਨ:ਭਲੇ ਵੇਲਿਆਂ ਅੰਦਰ ਇਹ ਧਾਰਨਾ ਪਰਚੱਲਤ ਸੀ ਤੇ ਹਕੀਕਤ ਵੀ ਸੀ ਕਿ ਹਕੂਮਤ ਦੀ ਕੁਰਸੀ ਦੀਆਂ ਤਿੰਨ ਟੰਗਾਂ ਹੁੰਦੀਆਂ ਹਨ: ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ। ਚੌਥੀ ਟੰਗ ਹੁੰਦੀ ਹੈ ਲੋਕ ਰਾਇ। ਜਿਹੜੀ ਵੀ ਹਕੂਮਤ ਲੋਕ ਹਿਤਾਂ ਲਈ ਕੰਮ ਕਰਦੀ ਹੈ ਤਾਂ ਚੌਥੀ ਟੰਗ ਲੋਕ ਰਾਇ ਉਸਦੇ ਹੱਕ ਵਿੱਚ ਹੁੰਦੀ ਹੋ ਜਾਂਦੀ ਹੈ ਤੇ ਹਕੂਮਤ ਨੂੰ ਸਥਿਰਤਾ ਬਖ਼ਸ਼ਦੀ ਹੈ।  

ਲੇਖਕ ਮਾਲਵਿੰਦਰ ਸਿੰਘ ਮਾਲੀ 
ਸਹੀ ਲੋਕ ਰਾਇ ਨੂੰ ਉਭਾਰਨ ਅੰਦਰ ਹੋਰਨਾਂ ਕਾਰਨਾਂ ਤੋਂ ਇਲਾਵਾ ਪ੍ਰਚਾਰ ਸਾਧਨਾ ਯਾਨੀ ਮੀਡੀਏ ਦਾ ਅਹਿਮ ਰੋਲ ਹੁੰਦਾ ਹੈ ਉਹ ਲੋਕ ਹਿਤਾਂ ਦੀ ਤਰਜਮਾਨੀ ਵੀ ਕਰਦਾ ਹੈ ਤੇ ਹਕੂਮਤ ਦੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਵੀ ਪਹੁੰਚਾਉਂਦਾ ਹੈ। ਇਸੇ ਲਈ ਮੀਡੀਏ ਨੂੰ ਲੋਕ ਹਿਤਾਂ ਦਾ ਨਿਗਰਾਨ watch dog ਦਾ ਰੁਤਬੇ ਵਾਲਾ ਸੰਕਲਪ ਉੱਭਰਿਆ ਸੀ। 

ਮੀਡੀਏ ਦੇ ਇਤਿਹਾਸ ਖ਼ਾਸ ਕਰਕੇ ਪੰਜਾਬੀ ਮੀਡੀਏ ਦੇ ਇਤਿਹਾਸ ਅੰਦਰ ਅਜਿਹੀਆਂ ਸੈਂਕੜੇ ਉਦਾਹਰਨਾ ਮੌਜੂਦ ਹਨ ਜਦੋਂ ਅਖ਼ਬਾਰਾਂ ਦੇ ਸੰਪਾਦਕਾਂ, ਲੇਖਕਾਂ ਤੇ ਪੱਤਰਕਾਰਾਂ ਨੂੰ ਅੰਗਰੇਜ ਸਾਮਰਾਜੀਆਂ ਤੋਂ ਅਜ਼ਾਦੀ ਦੀ ਲੜਾਈ ਅੰਦਰ ਮੁਲਕ ਦੇ ਅਜ਼ਾਦ ਹੋਣ ਤੋਂ ਬਾਅਦ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਅਮਲਾਂ ਵਿਰੁੱਧ ਅਵਾਜ਼ ਉਠਾਉਣ ਕਰਕੇ ਹਕੂਮਤੀ ਜਬਰ ਤੇ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ। 

ਪਰ ਸਮੇਂ ਦੇ ਬਦਲਦਿਆਂ ਬਦਲਦਿਆਂ ਮੀਡੀਏ ਅੰਦਰ ਵੀ ਵਾਚ ਡੋਗ ਦੇ ਕਿਰਦਾਰ ਵਿਹਾਰ ਅੰਦਰ ਪੈੱਟ ਡੋਗ ਵਾਲੇ ਲੱਛਣ ਉੱਭਰਨੇ ਸ਼ੁਰੂ ਹੋ ਗਏ। ਹਕੂਮਤ ਤੇ ਮਾਇਆਧਾਰੀਆਂ, ਕਾਰਪੋਰੇਟ ਜਗਤ ਨੇ ਮੀਡੀਆ ਨੂੰ ਕਾਬੂ ਕਰਨ ਦੇ ਯਤਨਾਂ ਨਾਲ ਨਾਲ ਮੀਡੀਏ ਦੇ ਰੋਲ ਦੀ ਪ੍ਰੀਭਾਸ਼ਾ ਹੀ ਬਦਲਣੀ ਸ਼ੁਰੂ ਕਰ ਦਿੱਤੀ। ਹਕੂਮਤੀ ਕੁਰਸੀ ਦੀ ਚੌਥੀ ਟੰਗ ਲੋਕ ਰਾਇ ਦੀ ਥਾਂ ਮੀਡੀਆ ਨੂੰ ਹੀ ਰਾਜ ਸੱਤਾ ਦੇ ਚੌਥਾ ਥੰਮ ਦਾ ਰੁਤਬਾ ਦੇਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਤੇ ਮੀਡੀਏ ਦੇ ਵੱਡੇ ਹਿੱਸੇ ਨੇ ਵੀ ਇਸਨੂੰ ਹੱਸਕੇ ਪਰਵਾਨ ਕਰ ਲਿਆ। ਲੋਕ ਰਾਇ ਹਾਸ਼ੀਏ ‘ਤੇ ਧੱਕਣੀ ਸ਼ੁਰੂ ਕਰ ਦਿੱਤੀ ਤੇ ਮੀਡੀਏ ਦੇ ਹਕੂਮਤ ਦੇ ਪਾਲਤੂ ਬੋਲਾਂ ਨੂੰ ਹੀ ਲੋਕ ਰਾਇ ਮੰਨਣ ਤੇ ਪ੍ਰਚਾਰਨ ਦਾ ਅਮਲ ਸ਼ੁਰੂ ਹੋ ਗਿਆ।  

ਅਜਿਹੀ ਹਕੀਕਤ ਦੇ ਸਨਮੁੱਖ ਹੁੰਦਿਆਂ ਹੀ ਅੱਜ ਹਕੂਮਤਾਂ ਤੇ ਕਾਰਪੋਰੇਟ ਜਗਤ ਦੇ ਲੋਕ ਵਿਰੋਧੀ ਅਮਲਾਂ ਖਿਲਾਫ ਲੜਾਈ ਦੇ ਨਾਲ ਸਾਨੂੰ ਮੀਡੀਏ ਅੰਦਰਲੇ ਹਕੂਮਤ ਤੇ ਕਾਰਪੋਰੇਟ ਦੇ ਪੈੱਟ ਡੋਗ ਪਾਲਤੂ ਕੁੱਤੇ ਵਾਲੇ ਰੁਝਾਨ ਨੂੰ ਵੀ ਪਛਾਨਣ ਤੇ ਪਛਾੜਨ ਦੀ ਲੋੜ ਹੈ। 

ਬਾਬਾ ਗੁਰੂ ਨਾਨਕ ਦੇ ਫ਼ਲਸਫ਼ੇ, ਸਰਬੱਤ ਦੇ ਭਲੇ ਵਿੱਚ ਹੀ ਆਪਣਾ ਭਲਾਈ ਵੇਖਣ ਨੂੰ ਬੁਲੰਦ ਕਰ ਰਹੇ ਪੰਜਾਬ ਦੇ ਧਰਤੀ ਪੁੱਤਰਾਂ ਕਿਸਾਨਾਂ ਦੇ ਲੋਕ ਅੰਦੋਲਨ ਨੇ ਪਾਲਤੂ ਮੀਡੀਆ ਜਿਸਨੂੰ ਅੱਜ ਕੱਲ ਗੋਦੀ ਮੀਡੀਆ ਕਿਹਾ ਜਾਂਦਾ ਹੈ, ਦੀ ਮਾਰ ਝੱਲੀ ਤੇ ਝੱਲ ਰਿਹਾ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਜਦੋਂ ਪੰਜਾਬ ਦੇ ਸਪੂਤ ਤੇ ਹੁਣ ਗੁਰੂ ਦੀ ਨਗਰੀ ਅਮਿੰਰਤਸਰ  ਨੂੰ ਆਪਣੀ ਕਰਮ ਭੂਮੀ ਬਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਬਾਬਾ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਨੁਸਾਰ ਬਿਰਤਾਂਤ ਸਿਰਜਿਆ ਤਾਂ ਗੋਦੀ ਮੀਡੀਆਂ ਨੇ"ਦੁਸ਼ਮਣ ਨਾਲ ਜੱਫੀ" ਪਾਉਣ ਦਾ ਹੋ ਹੱਲਾ ਮਚਾਕੇ ਅਸਮਾਨ ਸਿਰ ‘ਤੇ ਚੁੱਕ ਲਿਆ ਸੀ। ਪਰ ਬਾਬਾ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੇ ਬਿਰਤਾਂਤ ਦੀ ਜਿੱਤ ਹੋਈ।  

ਕਿਸੇ ਵੇਲੇ ਜਨਤਕ ਪੈਗ਼ਾਮ ਰਸਾਲੇ ਦੇ ਸੰਪਾਦਕ ਰਹੇ ਮਾਲਵਿੰਦਰ ਸਿੰਘ ਮਾਲੀ (ਮੇਰੇ) ਖਿਲਾਫ ਉਸ ਵੇਲੇ ਦੀਆਂ ਲਿਖਤਾਂ ਨੂੰ ਉਛਾਲਕੇ ਗੋਦੀ ਮੀਡੀਏ ਦੇ ਇਕ ਬਚੂੰਗੜੇ ਵੱਲੋਂ ਛੁਰਲੀਆਂ ਛੱਡੀਆਂ ਜਾ ਰਹੀਆਂ ਹਨ। ਇਸ ਰਸਾਲੇ ਦੀਆਂ ਲਿਖਤਾਂ (ਸਿਰਫ ਲਿਖਤਾਂ ਹੀ) ਨੂੰ ਹੀ ਅਧਾਰ ਬਣਾਕੇ ਉਸ ਵੇਲੇ ਮੈਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ NSA ਤੇ ਦਹਿਸ਼ਤਗਰਦ ਤੇ ਭੰਨ-ਤੋੜ ਸਰਗਰਮੀਆਂ ਬਾਰੇ ਕਾਨੂੰਨ TADA ਅਧੀਨ ਸਭ ਤੋਂ ਵੱਧ ਸੁਰੱਖਿਆ ਵਾਲੀ ਜੇਲ ਸੰਗਰੂਰ ਵਿੱਚ ਦੋ ਸਾਲ ਲਈ ਨਜ਼ਰਬੰਦ ਕੀਤਾ ਗਿਆ ਸੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੈਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਦੋ ਮਹੀਨੇ ਬਾਅਦ ਹੀ ਰਿਹਾਅ ਕਰ ਦਿੱਤਾ ਸੀ। ਪਰ ਪੂਰੀ ਬੇਸ਼ਰਮੀ ਤੇ ਢੀਠਤਾਈ ਨਾਲ ਗੋਦੀ ਮੀਡੀਆਂ ਹੁਣ ਮੁੜ ਮੇਰੇ ਉੱਪਰ ਉਹੀ ਮੁਕੱਦਮਾ ਮੀਡੀਆ ਟਰੈਲ ਸ਼ੁਰੂ ਕਰ ਰਿਹਾ ਹੈ। --ਮਾਲਵਿੰਦਰ ਸਿੰਘ ਮਾਲੀ

ਪੋਸਟ ਸਕਰਿਪਟ: ਮਾਲੀ ਹੁਰਾਂ ਨੂੰ ਇਹਨਾਂ ਸਾਜ਼ਿਸ਼ੀ ਮੀਡੀਆ ਟਰਾਇਲਾਂ ਨਾਲ ਕੋਈ ਬਹੁਤ ਫਰਕ ਨਹੀਂ ਪੈਣਾ। ਉਂਝ ਇਸਦੇ ਪਿੱਛੇ ਵੀ ਕੁਝ ਮੀਡੀਆ ਵਾਲੇ ਮਿੱਤਰ ਹੀ ਸਰਗਰਮ ਹੋਣੇ ਹਨ। ਜਦੋਂ ਤੱਕ ਇਹ ਸਮਾਜ ਉਹਨਾਂ ਕਲਮਕਾਰਾਂ ਪ੍ਰਤੀ ਸੁਹਿਰਦ ਹੋ ਕੇ ਨਹੀਂ ਜਾਗਦਾ ਜਿਹੜੇ ਨਹੀਂ ਵਿਕਦੇ ਉਦੋਂ ਤੱਕ ਵਿਕਾਓ ਮੀਡੀਆ ਦੀ ਭੀੜ ਵਧਦੀ ਜਾਏਗੀ। ਸਮਾਜ ਨੂੰ ਇਮਾਨਦਾਰ ਲੋਕਾਂ ਦੇ ਚੁੱਲੇ ਦਾ ਫਿਕਰ ਕਿਓਂ ਨਹੀਂ? ਜਿਹੜਾ ਸਮਾਜ ਇਸ ਤਰ੍ਹਾਂ ਦਾ ਹੋ ਗਿਆ ਹੈ ਉਸ ਦੀ ਕਿਸਮਤ ਵਿੱਚ ਗੋਦੀ ਮੀਡੀਆ ਹੀ ਜ਼ਰੂਰੀ ਵੀ ਹੈ ਅਤੇ ਰਹੇਗਾ ਵੀ। ਜਿਹੜੇ ਜਿਹੜੇ ਪੱਤਰਕਾਰ ਆਰਥਿਕ ਕਾਰਨਾਂ ਕਰਕੇ ਖੁਦਕੁਸ਼ੀਆਂ ਕਰ ਗਏ ਜਾਂ ਫਿਰ ਬਾਹੂਬਲੀਆਂ ਦੇ ਦਬਾਵਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਸਾਨੂੰ ਉਹਨਾਂ ਦੀ ਖਬਰ ਲੈਣ ਲਈ ਵੀ ਤੁਰਨਾ ਚਾਹੀਦਾ ਹੈ। 

Sunday, 7 June 2020

ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਹੋਵੇ

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਿਆਸੀ ਇਸ਼ਾਰੇ 'ਤੇ ਦਰਜ ਕੇਸ ਦੀ ਨਿਖੇਧੀ 
ਚੰਡੀਗੜ੍ਹ: 7 ਜੂਨ 2020: (ਪੁਸ਼ਪਿੰਦਰ ਕੌਰ//ਲੋਕ ਮੀਡੀਆ ਸਕਰੀਨ)::
ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ), ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਦੁਆਰਾ ਪੱਤਰਕਾਰ ਤੇ ਐਂਕਰ ਵਿਨੋਦ ਦੂਆ ਖ਼ਿਲਾਫ਼ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦਿੱਲੀ ਭਾਜਪਾ ਦੇ ਤਰਜਮਾਨ ਨਵੀਨ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਨੋਦ ਦੂਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਕਿ ਉਸ ਨੇ ਦਿੱਲੀ ਦੰਗਿਆਂ ਬਾਰੇ ਗ਼ਲਤ ਸੂਚਨਾਵਾਂ ਪ੍ਰਸਾਰਿਤ ਕੀਤੀਆਂ ਹਨ। ਵਿਨੋਦ ਦੂਆ ਰਾਸ਼ਟਰੀ ਖਿਆਤੀ ਵਾਲਾ ਪ੍ਰਤਿਬੱਧ ਪੱਤਰਕਾਰ ਹੈ, ਜੋ ਭਾਜਪਾ ਸਰਕਾਰ ਦੀਆਂ ਫ਼ਾਸ਼ੀਵਾਦੀ ਨੀਤੀਆਂ ਦਾ ਬੇਬਾਕੀ ਨਾਲ ਵਿਰੋਧ ਕਰਦਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੱਕ ਰਾਸ਼ਟਰ, ਇੱਕ ਧਰਮ ਤੇ ਇੱਕ ਭਾਸ਼ਾ ਦੇ ਹਿੰਦੂਤਵਵਾਦੀ ਏਜੰਡੇ ਦੀ ਪੂਰਤੀ ਲਈ ਲਗਾਤਾਰ ਮਨੁੱਖੀ ਅਧਿਕਾਰਾਂ, ਜਮਹੂਰੀਅਤ ਤੇ ਸੰਵਿਧਾਨ ਦੀ ਸੈਕੂਲਰ ਦਿੱਖ ਨੂੰ ਢਾਹ ਲਾਉਣ ਦਾ ਯਤਨ ਕਰ ਰਹੀ ਹੈ। ਰਾਸ਼ਟਰਵਾਦ ਦੀ ਆੜ ਹੇਠ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕਾਲੇ ਕਾਨੂੰਨਾਂ ਦੇ ਸਹਾਰੇ ਦਬਾਇਆ ਜਾ ਰਿਹਾ ਹੈ। ਅਸਹਿਮਤੀ ਦੀ ਸੰਸਕ੍ਰਿਤੀ, ਜੋ ਭਾਰਤੀ ਸੱਭਿਆਚਾਰਕ ਪਰੰਪਰਾ ਤੇ ਸਾਡੇ ਸੰਵਿਧਾਨ ਦੀ ਖ਼ੂਬਸੂਰਤੀ ਹੈ, ਉਸ ਨੂੰ ਦਬਾਉਣ ਲਈ ਕਦੇ ਲੇਖਕਾਂ/ਚਿੰਤਕਾਂ ਨੂੰ 'ਅਰਬਨ ਨਕਸਲ', 'ਟੁਕੜੇ ਟੁਕੜੇ ਗੈਂਗ' ਕਹਿ ਕੇ ਭੰਡਿਆ ਤੇ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ, ਕਦੇ ਵਿਚਾਰਾਂ ਦਾ ਵਖਰੇਵਾਂ ਰੱਖਣ ਵਾਲੇ ਨਾਮੀ ਚਿੰਤਕਾਂ/ਲੇਖਕਾਂ - ਨਰੇਂਦਰ ਦਾਬੋਲਕਰ, ਗੋਬਿੰਦ ਪਾਨਸਾਰੇ, ਪ੍ਰੋ. ਐਮ.ਐਮ. ਕੁਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਆਦਿ ਦੇ ਦਿਨ ਦਿਹਾੜੇ ਕਤਲ ਕਰਵਾਏ ਜਾਂਦੇ ਹਨ। ਭੀਮਾ ਕੋਰੇਗਾਉਂ ਦੇ ਹਵਾਲੇ ਨਾਲ ਅੱਜ ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਣ ਫਰੇਰਾ, ਪ੍ਰੋ. ਵਰਵਰਾ ਰਾਉ ਅਤੇ ਆਨੰਦ ਤੇਲਤੁੰਬੜੇ ਆਦਿ ਪ੍ਰਗਤੀਵਾਦੀ ਲੇਖਕ, ਚਿੰਤਕ ਅਤੇ ਸਮਾਜਿਕ ਕਾਰਕੁੰਨ ਜੇਲ੍ਹ ਦੀਆਂ ਸਲਾਖਾਂ ਅੰਦਰ ਬੰਦ ਹਨ। ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਉੱਠੇ ਦੇਸ਼ ਵਿਆਪੀ ਅੰਦੋਲਨ ਸਮੇਂ ਜੇ.ਐਨ.ਯੂ. ਦਿੱਲੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀਆਂ ਉੱਪਰ ਜਿਸਮਾਨੀ ਹਿੰਸਾ ਦਾ ਕਹਿਰ ਹੀ ਨਹੀਂ ਢਾਹਿਆ ਗਿਆ, ਸਗੋਂ ਸਫ਼ੂਰਾ ਜ਼ਰਗਰ ਅਤੇ ਮੀਰਾਨ ਹੈਦਰ ਆਦਿ ਵਿਦਿਆਰਥੀਆਂ ਉੱਪਰ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੱਜ ਤੱਕ ਜੇਲ੍ਹ ਦੀਆਂ ਸਲਾਖਾਂ ਅੰਦਰ ਡੱਕਿਆ ਹੋਇਆ ਹੈ। ਮਿਸਿਜ਼ ਸਫ਼ੂਰਾ ਜ਼ਰਗਰ ਜੋ ਮਾਂ ਬਣਨ ਜਾ ਰਹੀ ਹੈ, ਕਾਰੋਨਾ ਸੰਕਟ ਸਮੇਂ ਅੱਜ ਉਸ ਦੀ ਜ਼ਮਾਨਤ ਦੀ ਅਰਜ਼ੀ ਤੀਜੀ ਵਾਰ ਰੱਦ ਹੋਈ ਹੈ। ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਪਿਛਲੇ ਸਮੇਂ 'ਚ ਅਸਾਮ ਦੀ ਕਿਸਾਨ ਜਥੇਬੰਦੀ 'ਕਰਿਸ਼ਕ ਮੁਕਤੀ ਸੰਗਰਾਮ ਸਮਿਤੀ' ਦੇ ਆਗੂ ਅਖਿਲ ਗੋਗੋਈ ਤੇ ਉਸ ਦੇ ਸਾਥੀ ਕਾਰਕੁੰਨਾਂ - ਬਿੱਟੂ ਸੋਨੇਵਾਲ ਤੇ ਪਰਜਿਆ ਕੰਵਰ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਐਕਟ (UAPA) ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣੇ-ਹੁਣੇ ਐਮਨੈਸਟੀ ਇੰਟਰਨੈਸ਼ਨਲ ਜਥੇਬੰਦੀ ਦੇ ਭਾਰਤੀ ਚੈਪਟਰ ਦੇ ਸਾਬਕਾ ਮੁਖੀ ਅਕਾਰ ਪਟੇਲ ਖ਼ਿਲਾਫ਼ ਇਸ ਲਈ ਕੇਸ ਦਰਜ ਕੀਤਾ ਗਿਆ ਕਿ ਉਸ ਨੇ ਭਾਰਤ ਦੇ ਘੱਟ-ਗਿਣਤੀ ਫ਼ਿਰਕਿਆਂ ਨੂੰ ਜਾਰਜ ਫ਼ਲਾਇਡ ਦੇ ਸਮਰਥਕਾਂ ਵਾਂਗ ਸੰਘਰਸ਼ ਕਰਨ ਦੀ ਗੁਹਾਰ ਲਗਾਈ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੁੰਨੀਲਨ, ਕਾਰਜਕਾਰੀ ਪ੍ਰਧਾਨ ਡਾ. ਅਲੀ ਜਾਵੇਦ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਅਤੇ ਕੇਂਦਰੀ ਸਕੱਤਰੇਤ ਮੈਂਬਰ ਵਿਨੀਤ ਤਿਵਾੜੀ ਨੇ ਕੇਂਦਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਉਹ ਅਸਹਿਮਤੀ ਦੀ ਸੰਸਕ੍ਰਿਤੀ ਦਾ ਸਤਿਕਾਰ ਕਰਦੀ ਹੋਈ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਸਿੱਧੇ/ਅਸਿੱਧੇ ਪ੍ਰਤਿਬੰਧ ਅਤੇ ਹਮਲੇ ਬੰਦ ਕਰੇ। ਪ੍ਰਲੇਸ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕਰਦਾ ਹੈ ਕਿ ਅਕਾਰ ਪਟੇਲ ਤੇ ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। 
ਇਸ ਵਿਰੋਧ ਵਿੱਚ ਸ਼ਾਮਲ ਹੋਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਹੁਰਾਂ ਨਾਲ ਉਹਨਾਂ ਦੇ ਸੰਪਰਕ ਨੰਬਰ:  98156-36565

Monday, 6 January 2020

ਫਾਸ਼ੀ ਸੋਚ ਵਾਲਿਆਂ ਨੇ ਵਟਸਐਪ ਨੂੰ ਵੀ ਬਣਾਇਆ ਹਥਿਆਰ

ਸਭ ਕੁਝ ਯੂਨਿਟੀ ਅਗੇਂਸਟ ਲੈਫਟ ਨਾਮ ਦੇ ਗਰੁੱਪ ਵਿੱਚ ਵਿਉਂਤਿਆ ਗਿਆ?
ਨਵੀਂ ਦਿੱਲੀ: 6 ਜਨਵਰੀ 2020: (ਲੋਕ ਮੀਡੀਆ ਸਕਰੀਨ ਬਿਊਰੋ)::
ਫਾਸ਼ੀਵਾਦੀ ਸੋਚਾਂ ਅਤੇ ਰੁਝਾਨਾਂ ਨੂੰ ਪ੍ਰਣਾਏ ਅਨਸਰਾਂ ਨੇ ਆਪਣੇ ਵੱਖ ਵੱਖ ਵਿੰਗਾਂ ਨਾਲ ਜੁੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਤਬਾਹੀ ਹੀ ਸਿਖਾਉਣੀ ਸੀ ਅਤੇ ਇਹੀ ਸਿਖਾਈ। ਜੇ ਐਨ ਯੂ ਵਿੱਚ ਵਿਦਿਆਰਥੀਆਂ ਉੱਤੇ ਹਮਲੇ ਨੂੰ ਬਾਕਾਇਦਾ ਵਿਓਂਤਿਆ ਗਿਆ ਅਤੇ ਫੁਲ ਪਰੂਫ ਸਾਜ਼ਿਸ਼ ਬਣਾ ਕੇ ਸਿਰੇ ਚੜ੍ਹਾਇਆ ਗਿਆ। ਇਹ ਗੱਲ ਵੱਖਰੀ ਹੈ ਕਿ ਜਿਹੜੇ ਮੋਬਾਈਲ ਨੰਬਰ ਇਸ ਸਾਜ਼ਿਸ਼ ਲਈ ਵਰਤੇ ਗਏ  ਖਿਲਾਫ ਕਾਨੂੰਨ ਬੜਾ ਹੀ "ਬੇਬਸ" ਜਿਹਾ ਹੋਇਆ ਨਜ਼ਰ ਆ ਰਿਹਾ ਹੈ।  
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੱਟਸਐਪ ਮੈਸੇਜ ਇਸ਼ਾਰਾ ਕਰਦੇ ਹਨ ਕਿ ਐਤਵਾਰ ਜਿਨ੍ਹਾਂ ਨਕਾਬਪੋਸ਼ਾਂ ਨੇ ਜੇ ਐੱਨ ਯੂ ਵਿਚ ਹਮਲਾ ਕੀਤਾ, ਉਹ ਆਰ ਐੱਸ ਐੱਸ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦੇ ਆਗੂ ਤੇ ਕਾਰਕੁੰਨ ਹੋ ਸਕਦੇ ਹਨ। ਸ਼ਾਮ 7 ਵੱਜ ਕੇ 3 ਮਿੰਟ 'ਤੇ ਯੂਨਿਟੀ ਅਗੇਂਸਟ ਲੈਫਟ ਨਾਂਅ ਦੇ ਇਕ ਗਰੁੱਪ ਵਿਚ ਗੱਲਬਾਤ ਦੌਰਾਨ ਮੈਸੇਜ ਆਇਆ 'ਸਾਲੋਂ ਕੋ ਹੋਸਟਲ ਮੇਂ ਘੁਸ ਕਰ ਤੋੜੋ'। ਇਸ ਦੇ ਜਵਾਬ ਵਿਚ ਅਗਲੇ ਵਿਅਕਤੀ ਨੇ ਕਿਹਾ, 'ਬਿਲਕੁਲ, ਏਕ ਬਾਰ ਠੀਕ ਸੇ ਆਰ-ਪਾਰ ਕਰਨੇ ਕੀ ਜ਼ਰੂਰਤ ਹੈ। ਅਭੀ ਨਹੀਂ ਮਾਰੇਂਗੇ ਸਾਲੋਂ ਕੋ ਤੋ ਕਬ ਮਾਰੇਂਗੇ, ਗੰਦ ਮਚਾ ਰੱਖਾ ਹੈ ਕੌਮੀਓਂ ਨੇ।' 
ਇਸ ਤਰ੍ਹਾਂ ਦੀ ਕੁੱਟਮਾਰ ਦੀ ਪਲੈਨਿੰਗ ਕਰਦੇ ਕਈ ਮੈਸੇਜ ਸਾਹਮਣੇ ਆਏ ਹਨ। 'ਇੰਡੀਅਨ ਐੱਕਸਪ੍ਰੈਸ' ਤੇ 'ਸਕਰੌਲ' ਨੇ ਇਨ੍ਹਾਂ ਵਿਚੋਂ ਕੁਝ ਨੰਬਰਾਂ 'ਤੇ ਗੱਲਬਾਤ ਕਰਕੇ ਪਤਾ ਲਾਇਆ ਕਿ ਕਈ ਨੰਬਰ ਏ ਬੀ ਵੀ ਪੀ ਕਾਰਕੁਨਾਂ ਨਾਲ ਜੁੜੇ ਹੋਏ ਹਨ। ਫਿਲਹਾਲ ਇਹ ਨੰਬਰ ਸਵਿਚ ਆਫ ਆ ਰਹੇ ਹਨ। ਸਕਰੌਲ ਨੇ ਮੋਬਾਇਲ ਨੰਬਰ ਦੀ ਪਛਾਣ ਕਰਨ ਵਾਲੇ ਐਪ ਟਰੂਕਾਲਰ ਤੇ ਫੇਸਬੁਕ ਦੀ ਮਦਦ ਨਾਲ ਹਿੰਸਾ ਭੜਕਾਉਣ ਵਾਲਿਆਂ ਦੀ ਪਛਾਣ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। 'ਇੰਡੀਅਨ ਐੱਕਸਪ੍ਰੈੱਸ' ਨੇ ਅਜਿਹੇ ਮੈਸੇਜ ਕਰਨ ਵਾਲੇ 6 ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਿਸ ਵਿਚੋਂ 3 ਨੇ ਕਿਹਾ ਕਿ ਉਨ੍ਹਾਂ ਦੇ ਨੰਬਰਾਂ ਦੀ ਦੁਰਵਰਤੋਂ ਕੀਤੀ ਗਈ। ਅਭੀ ਨਹੀਂ ਮਾਰੋਗੇ ਤੋ ਕਬ ਮਾਰੋਗੇ ਵਾਲਾ ਮੈਸੇਜ ਕਰਨ ਵਾਲੇ ਨੇ ਕਿਹਾ, 'ਮੈਂ ਜੇ ਐੱਨ ਯੂ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਤੋਂ ਪੀ ਐੱਚ ਡੀ ਕਰ ਰਿਹਾ ਹਾਂ। ਹਾਂ, ਮੈਂ ਏ ਬੀ ਵੀ ਪੀ ਤੋਂ ਹਾਂ। ਪੱਤਰਕਾਰ ਜੇ ਐੱਨ ਯੂ ਦੀ ਛਵੀ ਖਰਾਬ ਕਰ ਰਹੇ ਹਨ।' ਕੁਝ ਦੇਰ ਬਾਅਦ ਉਸ ਨੇ ਕਿਹਾ, 'ਮੈਂ ਜੇ ਐੱਨ ਯੂ ਤੋਂ ਹਾਂ, ਪਰ ਮੈਂ ਇਹ ਮੈਸੇਜ ਨਹੀਂ ਭੇਜਿਆ ਸੀ। ਕਿਸੇ ਨੇ ਮੇਰੇ ਨੰਬਰ ਦੀ ਦੁਰਵਰਤੋਂ ਕੀਤੀ ਹੈ।' ਸਾਲੋਂ ਕੋ ਹੋਸਟਲ ਮੇਂ ਘੁਸ ਕਰ ਤੋੜੋ ਦਾ ਮੈਸੇਜ ਕਰਨ ਵਾਲਾ ਸੌਰਭ ਦੂਬੇ ਹੈ। ਉਸ ਦੇ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ ਕਿ ਉਹ ਦਿੱਲੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਈਵਨਿੰਗ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਉਹ ਜੇ ਐੱਨ ਯੂਆਈਟਸ ਫਾਰ ਮੋਦੀ ਨਾਂਅ ਦਾ ਗਰੁੱਪ ਚਲਾਉਂਦਾ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ 5 ਵੱਜ ਕੇ 39 ਮਿੰਟ ਉੱਤੇ 'ਫਰੈਂਡਸ ਆਫ ਆਰ ਐੱਸ ਐੱਸ' ਨਾਂਅ ਦੇ ਵ੍ਹਟਸਐਪ ਗਰੁੱਪ ਵਿਚ ਇਕ ਵਿਅਕਤੀ ਦਾ ਮੈਸੇਜ ਆਇਆ, 'ਕ੍ਰਿਪਾ ਕਰਕੇ ਇਸ ਗਰੁੱਪ ਵਿਚ ਲੈੱਫਟ ਟੈਰਰ ਦੇ ਖਿਲਾਫ ਯੂਨਿਟੀ ਲਈ ਸ਼ਾਮਲ ਹੋਵੋ। ਇਨ੍ਹਾਂ ਲੋਕਾਂ ਨੂੰ ਮਾਰ ਪੈਣੀ ਚਾਹੀਦੀ ਹੈ। ਬਸ ਇਕ ਹੀ ਦਵਾ ਹੈ।' ਇਸ ਦੇ ਜਵਾਬ ਵਿਚ ਇਕ ਵਿਅਕਤੀ ਨੇ ਮੈਸੇਜ ਕੀਤਾ, 'ਡੀ ਯੂ ਦੇ ਲੋਕਾਂ ਦੀ ਐਂਟਰੀ ਤੁਸੀਂ ਖਜ਼ਾਨ ਸਿੰਘ ਸਵੀਮਿੰਗ ਸਾਈਡ ਵੱਲੋਂ ਕਰਵਾਓ। ਅਸੀਂ ਇਥੇ 25-30 ਲੋਕ ਹਾਂ।' ਇਥੇ ਡੀ ਯੂ ਮਤਲਬ ਦਿੱਲੀ ਯੂਨੀਵਰਸਿਟੀ ਹੈ ਤੇ ਖਜ਼ਾਨ ਸਿੰਘ ਸਵੀਮਿੰਗ ਅਕੈਡਮੀ ਜੇ ਐੱਨ ਯੂ ਦੇ ਅੰਦਰ ਹੈ ਤੇ ਉਸ ਦਾ ਵੱਖਰਾ ਐਂਟਰੀ ਗੇਟ ਹੈ। ਯੂਨੀਵਰਸਿਟੀ ਦੇ ਮੇਨ ਗੇਟ ਤੋਂ ਆਉਣ ਵਾਲਿਆਂ ਦੀ ਜਾਂਚ ਹੁੰਦੀ ਹੈ। ਇਸ ਮੈਸੇਜ ਨੂੰ ਭੇਜਣ ਵਾਲੇ ਦਾ ਨੰਬਰ ਟਰੂ ਕਾਲਰ 'ਤੇ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਇਹ ਵਿਕਾਸ ਪਟੇਲ ਦੇ ਨਾਂਅ 'ਤੇ ਰਜਿਸਟਰਡ ਹੈ। ਉਸ ਨੇ ਆਪਣੇ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ ਕਿ ਉਹ ਏ ਬੀ ਵੀ ਪੀ ਦਾ ਕਾਰਜਕਾਰੀ ਮੈਂਬਰ ਤੇ ਜੇ ਐੱਨ ਯੂ ਵਿਚ ਏ ਬੀ ਵੀ ਪੀ ਦਾ ਉਪ ਪ੍ਰਧਾਨ ਹੈ। ਯੂਨਿਟੀ ਅਗੇਂਸਟ ਲੈਫਟ ਨਾਂਅ ਦੇ ਗਰੁੱਪ ਵਿਚ 8 ਵੱਜ ਕੇ 41 ਮਿੰਟ 'ਤੇ ਇਕ ਵਿਅਕਤੀ ਨੇ ਪੁੱਛਿਆ ਕਿ ਪੁਲਸ ਤਾਂ ਨਹੀਂ ਆ ਗਈ? ਇਕ ਨੇ ਜਵਾਬ ਦਿੱਤਾ, 'ਨਹੀਂ, ਵੀ ਸੀ ਨੇ ਐਂਟਰੀ ਮਨਾ ਕੀਆ ਹੈ। ਅਪਨਾ ਵੀ ਸੀ ਹੈ।'ਟਰੂ ਕਾਲਰ' ਤੇ ਪਤਾ ਲੱਗਿਆ ਕਿ ਇਹ ਨੰਬਰ ਏ ਬੀ ਵੀ ਪੀ ਦੇ ਓਂਕਾਰ ਸ੍ਰੀਵਾਸਤਵ ਦਾ ਹੈ। ਹੁਣ ਦੇਖਣਾ ਹੈ ਕਿ ਸਰਕਾਰ ਨਾਂਅ ਦੀ ਚੀਜ਼ ਇਹਨਾਂ ਨੰਬਰਾਂ ਵਾਲਿਆਂ ਦੇ ਖਿਲਾਫ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ?

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM  ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ?  ਲੁਧਿਆਣਾ // ਮੋਹਾਲੀ : 22 ਦਸੰਬਰ 2021 : ( ਰੈਕਟਰ ਕ...