Sunday 7 June 2020

ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਹੋਵੇ

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਿਆਸੀ ਇਸ਼ਾਰੇ 'ਤੇ ਦਰਜ ਕੇਸ ਦੀ ਨਿਖੇਧੀ 
ਚੰਡੀਗੜ੍ਹ: 7 ਜੂਨ 2020: (ਪੁਸ਼ਪਿੰਦਰ ਕੌਰ//ਲੋਕ ਮੀਡੀਆ ਸਕਰੀਨ)::
ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ), ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਦੁਆਰਾ ਪੱਤਰਕਾਰ ਤੇ ਐਂਕਰ ਵਿਨੋਦ ਦੂਆ ਖ਼ਿਲਾਫ਼ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦਿੱਲੀ ਭਾਜਪਾ ਦੇ ਤਰਜਮਾਨ ਨਵੀਨ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਨੋਦ ਦੂਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਕਿ ਉਸ ਨੇ ਦਿੱਲੀ ਦੰਗਿਆਂ ਬਾਰੇ ਗ਼ਲਤ ਸੂਚਨਾਵਾਂ ਪ੍ਰਸਾਰਿਤ ਕੀਤੀਆਂ ਹਨ। ਵਿਨੋਦ ਦੂਆ ਰਾਸ਼ਟਰੀ ਖਿਆਤੀ ਵਾਲਾ ਪ੍ਰਤਿਬੱਧ ਪੱਤਰਕਾਰ ਹੈ, ਜੋ ਭਾਜਪਾ ਸਰਕਾਰ ਦੀਆਂ ਫ਼ਾਸ਼ੀਵਾਦੀ ਨੀਤੀਆਂ ਦਾ ਬੇਬਾਕੀ ਨਾਲ ਵਿਰੋਧ ਕਰਦਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੱਕ ਰਾਸ਼ਟਰ, ਇੱਕ ਧਰਮ ਤੇ ਇੱਕ ਭਾਸ਼ਾ ਦੇ ਹਿੰਦੂਤਵਵਾਦੀ ਏਜੰਡੇ ਦੀ ਪੂਰਤੀ ਲਈ ਲਗਾਤਾਰ ਮਨੁੱਖੀ ਅਧਿਕਾਰਾਂ, ਜਮਹੂਰੀਅਤ ਤੇ ਸੰਵਿਧਾਨ ਦੀ ਸੈਕੂਲਰ ਦਿੱਖ ਨੂੰ ਢਾਹ ਲਾਉਣ ਦਾ ਯਤਨ ਕਰ ਰਹੀ ਹੈ। ਰਾਸ਼ਟਰਵਾਦ ਦੀ ਆੜ ਹੇਠ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕਾਲੇ ਕਾਨੂੰਨਾਂ ਦੇ ਸਹਾਰੇ ਦਬਾਇਆ ਜਾ ਰਿਹਾ ਹੈ। ਅਸਹਿਮਤੀ ਦੀ ਸੰਸਕ੍ਰਿਤੀ, ਜੋ ਭਾਰਤੀ ਸੱਭਿਆਚਾਰਕ ਪਰੰਪਰਾ ਤੇ ਸਾਡੇ ਸੰਵਿਧਾਨ ਦੀ ਖ਼ੂਬਸੂਰਤੀ ਹੈ, ਉਸ ਨੂੰ ਦਬਾਉਣ ਲਈ ਕਦੇ ਲੇਖਕਾਂ/ਚਿੰਤਕਾਂ ਨੂੰ 'ਅਰਬਨ ਨਕਸਲ', 'ਟੁਕੜੇ ਟੁਕੜੇ ਗੈਂਗ' ਕਹਿ ਕੇ ਭੰਡਿਆ ਤੇ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ, ਕਦੇ ਵਿਚਾਰਾਂ ਦਾ ਵਖਰੇਵਾਂ ਰੱਖਣ ਵਾਲੇ ਨਾਮੀ ਚਿੰਤਕਾਂ/ਲੇਖਕਾਂ - ਨਰੇਂਦਰ ਦਾਬੋਲਕਰ, ਗੋਬਿੰਦ ਪਾਨਸਾਰੇ, ਪ੍ਰੋ. ਐਮ.ਐਮ. ਕੁਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਆਦਿ ਦੇ ਦਿਨ ਦਿਹਾੜੇ ਕਤਲ ਕਰਵਾਏ ਜਾਂਦੇ ਹਨ। ਭੀਮਾ ਕੋਰੇਗਾਉਂ ਦੇ ਹਵਾਲੇ ਨਾਲ ਅੱਜ ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਣ ਫਰੇਰਾ, ਪ੍ਰੋ. ਵਰਵਰਾ ਰਾਉ ਅਤੇ ਆਨੰਦ ਤੇਲਤੁੰਬੜੇ ਆਦਿ ਪ੍ਰਗਤੀਵਾਦੀ ਲੇਖਕ, ਚਿੰਤਕ ਅਤੇ ਸਮਾਜਿਕ ਕਾਰਕੁੰਨ ਜੇਲ੍ਹ ਦੀਆਂ ਸਲਾਖਾਂ ਅੰਦਰ ਬੰਦ ਹਨ। ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਉੱਠੇ ਦੇਸ਼ ਵਿਆਪੀ ਅੰਦੋਲਨ ਸਮੇਂ ਜੇ.ਐਨ.ਯੂ. ਦਿੱਲੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀਆਂ ਉੱਪਰ ਜਿਸਮਾਨੀ ਹਿੰਸਾ ਦਾ ਕਹਿਰ ਹੀ ਨਹੀਂ ਢਾਹਿਆ ਗਿਆ, ਸਗੋਂ ਸਫ਼ੂਰਾ ਜ਼ਰਗਰ ਅਤੇ ਮੀਰਾਨ ਹੈਦਰ ਆਦਿ ਵਿਦਿਆਰਥੀਆਂ ਉੱਪਰ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੱਜ ਤੱਕ ਜੇਲ੍ਹ ਦੀਆਂ ਸਲਾਖਾਂ ਅੰਦਰ ਡੱਕਿਆ ਹੋਇਆ ਹੈ। ਮਿਸਿਜ਼ ਸਫ਼ੂਰਾ ਜ਼ਰਗਰ ਜੋ ਮਾਂ ਬਣਨ ਜਾ ਰਹੀ ਹੈ, ਕਾਰੋਨਾ ਸੰਕਟ ਸਮੇਂ ਅੱਜ ਉਸ ਦੀ ਜ਼ਮਾਨਤ ਦੀ ਅਰਜ਼ੀ ਤੀਜੀ ਵਾਰ ਰੱਦ ਹੋਈ ਹੈ। ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਪਿਛਲੇ ਸਮੇਂ 'ਚ ਅਸਾਮ ਦੀ ਕਿਸਾਨ ਜਥੇਬੰਦੀ 'ਕਰਿਸ਼ਕ ਮੁਕਤੀ ਸੰਗਰਾਮ ਸਮਿਤੀ' ਦੇ ਆਗੂ ਅਖਿਲ ਗੋਗੋਈ ਤੇ ਉਸ ਦੇ ਸਾਥੀ ਕਾਰਕੁੰਨਾਂ - ਬਿੱਟੂ ਸੋਨੇਵਾਲ ਤੇ ਪਰਜਿਆ ਕੰਵਰ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਐਕਟ (UAPA) ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣੇ-ਹੁਣੇ ਐਮਨੈਸਟੀ ਇੰਟਰਨੈਸ਼ਨਲ ਜਥੇਬੰਦੀ ਦੇ ਭਾਰਤੀ ਚੈਪਟਰ ਦੇ ਸਾਬਕਾ ਮੁਖੀ ਅਕਾਰ ਪਟੇਲ ਖ਼ਿਲਾਫ਼ ਇਸ ਲਈ ਕੇਸ ਦਰਜ ਕੀਤਾ ਗਿਆ ਕਿ ਉਸ ਨੇ ਭਾਰਤ ਦੇ ਘੱਟ-ਗਿਣਤੀ ਫ਼ਿਰਕਿਆਂ ਨੂੰ ਜਾਰਜ ਫ਼ਲਾਇਡ ਦੇ ਸਮਰਥਕਾਂ ਵਾਂਗ ਸੰਘਰਸ਼ ਕਰਨ ਦੀ ਗੁਹਾਰ ਲਗਾਈ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੁੰਨੀਲਨ, ਕਾਰਜਕਾਰੀ ਪ੍ਰਧਾਨ ਡਾ. ਅਲੀ ਜਾਵੇਦ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਅਤੇ ਕੇਂਦਰੀ ਸਕੱਤਰੇਤ ਮੈਂਬਰ ਵਿਨੀਤ ਤਿਵਾੜੀ ਨੇ ਕੇਂਦਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਉਹ ਅਸਹਿਮਤੀ ਦੀ ਸੰਸਕ੍ਰਿਤੀ ਦਾ ਸਤਿਕਾਰ ਕਰਦੀ ਹੋਈ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਸਿੱਧੇ/ਅਸਿੱਧੇ ਪ੍ਰਤਿਬੰਧ ਅਤੇ ਹਮਲੇ ਬੰਦ ਕਰੇ। ਪ੍ਰਲੇਸ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕਰਦਾ ਹੈ ਕਿ ਅਕਾਰ ਪਟੇਲ ਤੇ ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। 
ਇਸ ਵਿਰੋਧ ਵਿੱਚ ਸ਼ਾਮਲ ਹੋਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਹੁਰਾਂ ਨਾਲ ਉਹਨਾਂ ਦੇ ਸੰਪਰਕ ਨੰਬਰ:  98156-36565

No comments:

Post a Comment

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM  ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ?  ਲੁਧਿਆਣਾ // ਮੋਹਾਲੀ : 22 ਦਸੰਬਰ 2021 : ( ਰੈਕਟਰ ਕ...