Sunday 22 August 2021

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM

 ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ? 


ਲੁਧਿਆਣਾ//ਮੋਹਾਲੀ: 22 ਦਸੰਬਰ 2021: (ਰੈਕਟਰ ਕਥੂਰੀਆ//ਲੋਕ ਮੀਡੀਆ ਸਕਰੀਨ)::

ਕਿਸੇ ਵੇਲੇ ਇੱਕ ਬੜੀ ਪ੍ਰਸਿੱਧ ਰਿਕਾਰਡਿੰਗ ਕੰਪਨੀ ਹੋਇਆ ਕਰਦੀ ਸੀ ਜਿਸਦੇ ਗਾਣੇ ਤਵਿਆਂ ਤੇ ਚੱਲਦੇ ਸਨ ਕਿਓਂਕਿ ਕੈਸਟਾਂ ਅਜੇ ਆਮ ਨਹੀਂ ਸਨ ਹੋਈਆਂ। ਉਹਨਾਂ ਕਾਲੇ ਤਵਿਆਂ ਤੇ ਇੱਕ ਤਸਵੀਰ ਬਣੀ ਹੁੰਦੀ ਸੀ ਜੋ ਦਿਖਾਉਂਦੀ ਸੀ ਕਿ ਸਪੀਕਰ ਚੋਂ ਆਉਂਦੀ ਆਵਾਜ਼ ਨੂੰ ਸਪੀਕਰ ਸਾਹਮਣੇ ਬੈਠਾ ਕੁੱਤਾ ਬੜੇ ਹੀ ਧਿਆਨ ਨਾਲ ਮਗਨ ਹੋ ਕੇ ਸੁਣ ਰਿਹਾ ਹੈ। ਇਹ ਕੰਪਨੀ ਸੰਨ 1898 ਸਮੇਂ ਲੰਡਨ ਵਿੱਚ ਬਣੀ ਸੀ। ਸੰਨ 1901 ਵਿੱਚ ਇਸਦਾ ਬ੍ਰਾਂਡ ਅਤੇ ਲੋਗੋ ਵੀ ਕਾਨੂੰਨੀ ਇਜ਼ਾਜ਼ਤਾਂ ਮਗਰੋਂ ਲੋਕਾਂ ਸਾਹਮਣੇ ਆ ਗਿਆ। ਉਸ ਕੰਪਨੀ ਦੇ ਗੀਤਾਂ ਵਾਲੇ ਤਵੇ ਬੜੇ ਪ੍ਰਸਿੱਧ ਹੋਏ। ਛੋਟੇ ਤਵੇ ਵੀ ਹੁੰਦੇ ਸਨ ਅਤੇ ਵੱਡੇ ਤਵੇ ਵੀ। ਬੜੀ ਵਿਕਰੀ ਵੀ ਹੋਈ। ਬੇਹੱਦ ਹਰਮਨ ਪਿਆਰੇ ਹੋ ਗਏ। ਹਰ ਘਰ ਵਿੱਚ ਗ੍ਰਾਮੋਫੋਨ ਸਟੇਟਸਸਿੰਬਲ ਬਣ ਗਿਆ। ਬਾਕਾਇਦਾ ਐਲਬਮ ਵੀ ਵੱਧ ਤੋਂ ਵੱਧ ਹੁੰਦੀਆਂ ਸਨ।  

ਕਈ ਲੋਕ ਖੁਦ ਨੂੰ ਇਸ ਇੰਡਸਟਰੀ ਦੇ ਕਮਿਸ਼ਨ ਏਜੰਟਾਂ ਵਾਂਗ ਦੱਸਣ ਲੱਗ ਪਏ। ਕੋਈ ਆਪਣੇ ਆਪ ਨੂੰ ਕਿਸੇ ਗਾਇਕ ਜਾਂ ਗਾਇਕਾ ਦੇ ਨੇੜੇ ਦੱਸਦਾ ਅਤੇ ਕੋਈ ਸਿੱਧਾ ਕੰਪਨੀ ਦੇ ਨੇੜੇ ਆਖਦਾ। ਇਹਨਾਂ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਨਵੇਂ ਗੀਤਕਾਰਾਂ ਨੇ ਇਹਨਾਂ ਦੇ ਦੱਸੇ ਅਨੁਸਾਰ ਭੈੜੇ ਤੋਂ ਭੈੜੇ ਲੱਚਰ ਗੀਤ ਵੀ ਲਿਖੇ ਅਤੇ ਗਾਇਕ ਵਰਗ ਨੇ ਗਾਏ ਵੀ। ਇਹਨਾਂ ਦੋਹਾਂ ਵਰਗਾਂ ਦਾ ਸ਼ੋਸ਼ਣ ਵੀ ਰੱਜ ਕੇ ਹੋਇਆ ਪਰ ਕੁੱਤੇ ਵਾਲੀ ਇਸ ਤਸਵੀਰ ਦਾ ਜਾਦੂ ਸਾਡੇ ਸਮਾਜ ਤੇ ਗੂਹੜਾ ਹੁੰਦਾ ਚਲਾ ਗਿਆ। ਇਹ ਅਜੇ ਤੱਕ ਨਹੀਂ ਉੱਤਰਿਆ। 

ਗ੍ਰਾਮੋਫੋਨ ਦੇ ਉਸ ਜ਼ਮਾਨੇ ਆ ਚੇਤਾ ਅੱਜ ਵੀ ਅਕਸਰ ਆ ਜਾਂਦਾ ਹੈ। ਇਸ ਕੁੱਤੇ ਦੀ ਤਸਵੀਰ ਨੇ ਸ਼ਾਇਦ ਬਹੁਤਿਆਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਬਸ ਆਪਣੇ ਮਾਲਕ ਦੀ ਆਵਾਜ਼ ਸੁਣਨੀ ਹੈ ਚੋਰ ਸੰਨ ਲਾਉਂਦਾ ਹੈ ਤਾਂ ਲਾਉਂਦਾ ਰਹੇ ਆਪਾਂ ਕੀ ਲੈਣਾ? ਉਦੋਂ ਤੱਕ ਆਪਾਂ ਨੀ ਭੌਂਕਣਾ ਜਦੋਂ ਤੱਕ ਮਾਲਕ ਨਾ ਕਹੇ! ਬਸ ਚੁੱਪ ਰਹਿ ਕੇ ਆਪਣਾ ਸੰਗੀਤ ਸੁਣਨਾ ਹੈ। ਆਖਦੇ ਨੇ ਸਭ ਤੋਂ ਮਿੱਠਾ ਮਧੁਰ ਸੰਗੀਤ ਪੈਸਿਆਂ ਦੀ ਖਨਕ ਵਾਲਾ ਹੁੰਦਾ ਹੈ। ਸਿੱਕਿਆਂ ਦੀ ਖਨਕ, ਨੋਟਾਂ ਦੀ ਖਨਕ ਵਰਗੀ ਮਹਿਕ ਅਤੇ ਰੰਗਤ। ਜਿਹੜਾ ਜਿਹੜਾ ਇਹ ਸੰਗੀਤ ਸੁਣਾ ਸਕੇ ਉਹੀ ਮਾਲਕ ਬਣਨ ਦੇ ਕਾਬਲ ਸਮਝਿਆ ਜਾਣ ਲੱਗ ਪਿਆ। ਇਸ ਲਈ ਮਾਲਕਾਂ ਦੀ ਭਾਲ ਵੀ ਬੜੀ ਤੇਜ਼ੀ ਨਾਲ ਸ਼ੁਰੂ ਹੋਈ। ਇਸ ਭਾਲ ਵਿੱਚ ਵੀ ਬਥੇਰਿਆਂ ਦਾ ਸ਼ੋਸ਼ਣ ਹੋਇਆ ਅਤੇ ਬਥੇਰੇ ਤਾਂ ਉਂਝ ਹੀ ਰੁਲ ਗਏ। 

ਇਸ ਦੇ ਬਾਵਜੂਦ ਹਰ ਸ਼ਹਿਰ ਹਰ ਪਿੰਡ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਪੰਚ, ਸਰਪੰਚ, ਕੌਂਸਲਰ, ਐਮ ਐਲ ਏ ਜਾਂ ਐਮ ਪੀ ਦਾ ਪ੍ਰੈਸ ਸਕੱਤਰ ਬਣਿਆ ਦੇਖਿਆ ਜਾ ਸਕਦਾ ਹੈ। ਚੋਣਾਂ ਵਿਚ ਇਹਨਾਂ ਦੀ ਝੰਡੀ ਹੁੰਦੀ ਹੈ। ਇਸ ਸਾਰੇ ਘਟਨਾਕ੍ਰਮ ਵਿੱਚ ਪਾਲਤੂ ਕੁੱਤੇ ਬਣਨ ਦੇ ਚਾਹਵਾਨਾਂ ਦੀ ਲਾਈਨ ਬੜੀ ਲੰਮੀ ਹੋਣ ਲੱਗ ਪਈ।  ਇਸ ਤਰ੍ਹਾਂ ਇਕ ਨਵੀਂ ਕਿਸਮ ਦੀ ਇੰਡਸਟਰੀ ਵੀ ਸਾਹਮਣੇ ਆਈ। ਇਹਨਾਂ ਵਿੱਚੋਂ ਬਹੁਤਿਆਂ ਕੋਲ ਦਲੀਲ ਸੀ ਕੀ ਜੇ ਯੋਗਿੰਦਰ ਯਾਦਵ ਸਿਆਸਤ ਵਿਚ ਆ ਸਕਦਾ ਹੈ ਤਾਂ ਅਸੀਂ ਕਿਓਂ ਨਹੀਂ ਆ ਸਕਦੇ? ਜੇ ਮਾਲਵਿੰਦਰ ਮਾਲੀ ਸਲਾਹਕਾਰ ਬਣ ਸਕਦਾ ਹੈ ਤਾਂ ਅਸੀਂ ਕਿਓਂ ਨਹੀਂ ਬਣ ਸਕਦੇ। ਸ਼ਾਇਦ ਬਹੁਤਿਆਂ ਨੇ ਵੱਖ ਵੱਖ ਥਾਂਈਂ ਅਰਜ਼ੀਆਂ ਵੀ ਦੇ ਦਿੱਤੀਆਂ ਹੋਣ ਕਿ ਸਾਨੂੰ ਸਲਾਹਕਾਰ ਬਣਾਓ। ਅਸੀਂ ਬਹੁਤ ਚੰਗੇ ਪਾਲਤੂ ਬਣਾਂਗੇ।  ਇਹ ਗੱਲ ਵੱਖਰੀ ਹੈ ਇਹਨਾਂ ਨੂੰ ਨਾ ਤਾਂ ਯੋਗਿੰਦਰ ਯਾਦਵ ਵਾਲੀ ਸੋਚ ਦੀ ਕਦੇ ਸਮਝ ਆਈ ਹੋਣੀ ਹੈ ਤੇ ਨਾ ਹੀ ਮਾਲਵਿੰਦਰ ਮਾਲੀ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਮਾੜੀ ਮੋਟੀ ਜਾਣਕਾਰੀ ਕਦੇ ਮਿਲੀ ਹੋਣੀ ਹੈ। ਮਾਲਵਿੰਦਰ ਮਾਲੀ ਦਾ ਜੀਵਨ ਵੀ ਖੁੱਲੀ ਕਿਤਾਬ ਵਾਂਗ ਹੈ ਕੁਝ ਵੀ ਪੁੱਛਿਆ ਜਾਏ ਬੜੀ ਆਸਾਨੀ ਨਾਲ ਪਤਾ ਲੱਗ ਜਾਏਗਾ।  ਮਾਲੀ ਕੋਲ ਇਹਨਾਂ ਲੋਕਾਂ ਵਾਂਗ ਲੁਕਾਉਣ ਲਈ ਕੁਝ ਨਹੀਂ। ਨਾ ਹੀ ਲਾਈਫ ਸਟਾਈਲ ਵਿੱਚ ਤੇ ਨਾ ਹੀ ਕੈਰੀਅਰ ਵਿੱਚ।ਪਰ ਇੱਕ ਗੱਲ ਸਾਫ ਹੈ ਕਿ ਪਾਲਤੂ ਬਣਨ ਦਾ ਰਿਵਾਜ ਅੱਜ ਦਾ ਨਹੀਂ ਬੜਾ ਪੁਰਾਣਾ ਹੈ। ਇਸਦੇ ਨਵੇਂ ਚੈਪਟਰ ਨੂੰ ਵੀ ਕਈ ਦਹਾਕੇ ਹੋਣ ਲੱਗੇ ਹਨ। 

ਹੁਣ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ ਅਤੇ ਪੰਡਤ ਜਵਾਹਰ ਲਾਲ ਨਹਿਰੂ ਵਾਲਾ ਜ਼ਮਾਨਾ ਤਾਂ ਨਹੀਂ ਰਿਹਾ ਨ। ਹੁਣ ਤਾਂ ਮੀਡੀਆ ਅਦਾਰਿਆਂ ਦੇ ਅਸਲੀ ਮਾਲਕ ਵੀ ਆਪਣੇ ਸੰਪਾਦਕਾਂ ਦਾ ਕੋਈ ਨਾ ਕੋਈ ਹੋਰ ਚੇਹਰਾ ਹੀ ਅੱਗੇ ਰੱਖਦੇ ਹਨ। ਖੁਦ ਲੁੱਕੇ ਰਹਿੰਦੇ ਹਨ। ਸੋ ਅੱਜ ਦੇ ਭਰਮਾਂ ਭੁਲੇਖਿਆਂ ਨੂੰ ਸਾਜ਼ਿਸ਼ੀ ਤੌਰ ਤੇ ਵਧਾਏ ਜਾਣ ਵਾਲੇ ਇਸ ਮੌਜੂਦਾ ਦੌਰ ਵਿੱਚ ਮਾਲਵਿੰਦਰ ਮਾਲੀ ਹੁਰਾਂ ਦੀ ਲਿਖਤ ਅੱਖਾਂ ਖੋਹਲਦੀ ਹੈ। ਵੱਧ ਤੋਂ ਵੱਧ ਪੜ੍ਹੀ ਜਾਏ ਇਹ ਬਹੁਤ ਜ਼ਰੂਰੀ ਹੈ ਅਤੇ ਸਮਾਜ ਦੇ ਭਲੇ ਵਿੱਚ ਹੈ। -ਰੈਕਟਰ ਕਥੂਰੀਆ  


ਮਾਲਵਿੰਦਰ ਸਿੰਘ ਮਾਲੀ ਲਿਖਦੇ ਹਨ:ਭਲੇ ਵੇਲਿਆਂ ਅੰਦਰ ਇਹ ਧਾਰਨਾ ਪਰਚੱਲਤ ਸੀ ਤੇ ਹਕੀਕਤ ਵੀ ਸੀ ਕਿ ਹਕੂਮਤ ਦੀ ਕੁਰਸੀ ਦੀਆਂ ਤਿੰਨ ਟੰਗਾਂ ਹੁੰਦੀਆਂ ਹਨ: ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ। ਚੌਥੀ ਟੰਗ ਹੁੰਦੀ ਹੈ ਲੋਕ ਰਾਇ। ਜਿਹੜੀ ਵੀ ਹਕੂਮਤ ਲੋਕ ਹਿਤਾਂ ਲਈ ਕੰਮ ਕਰਦੀ ਹੈ ਤਾਂ ਚੌਥੀ ਟੰਗ ਲੋਕ ਰਾਇ ਉਸਦੇ ਹੱਕ ਵਿੱਚ ਹੁੰਦੀ ਹੋ ਜਾਂਦੀ ਹੈ ਤੇ ਹਕੂਮਤ ਨੂੰ ਸਥਿਰਤਾ ਬਖ਼ਸ਼ਦੀ ਹੈ।  

ਲੇਖਕ ਮਾਲਵਿੰਦਰ ਸਿੰਘ ਮਾਲੀ 
ਸਹੀ ਲੋਕ ਰਾਇ ਨੂੰ ਉਭਾਰਨ ਅੰਦਰ ਹੋਰਨਾਂ ਕਾਰਨਾਂ ਤੋਂ ਇਲਾਵਾ ਪ੍ਰਚਾਰ ਸਾਧਨਾ ਯਾਨੀ ਮੀਡੀਏ ਦਾ ਅਹਿਮ ਰੋਲ ਹੁੰਦਾ ਹੈ ਉਹ ਲੋਕ ਹਿਤਾਂ ਦੀ ਤਰਜਮਾਨੀ ਵੀ ਕਰਦਾ ਹੈ ਤੇ ਹਕੂਮਤ ਦੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਵੀ ਪਹੁੰਚਾਉਂਦਾ ਹੈ। ਇਸੇ ਲਈ ਮੀਡੀਏ ਨੂੰ ਲੋਕ ਹਿਤਾਂ ਦਾ ਨਿਗਰਾਨ watch dog ਦਾ ਰੁਤਬੇ ਵਾਲਾ ਸੰਕਲਪ ਉੱਭਰਿਆ ਸੀ। 

ਮੀਡੀਏ ਦੇ ਇਤਿਹਾਸ ਖ਼ਾਸ ਕਰਕੇ ਪੰਜਾਬੀ ਮੀਡੀਏ ਦੇ ਇਤਿਹਾਸ ਅੰਦਰ ਅਜਿਹੀਆਂ ਸੈਂਕੜੇ ਉਦਾਹਰਨਾ ਮੌਜੂਦ ਹਨ ਜਦੋਂ ਅਖ਼ਬਾਰਾਂ ਦੇ ਸੰਪਾਦਕਾਂ, ਲੇਖਕਾਂ ਤੇ ਪੱਤਰਕਾਰਾਂ ਨੂੰ ਅੰਗਰੇਜ ਸਾਮਰਾਜੀਆਂ ਤੋਂ ਅਜ਼ਾਦੀ ਦੀ ਲੜਾਈ ਅੰਦਰ ਮੁਲਕ ਦੇ ਅਜ਼ਾਦ ਹੋਣ ਤੋਂ ਬਾਅਦ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਅਮਲਾਂ ਵਿਰੁੱਧ ਅਵਾਜ਼ ਉਠਾਉਣ ਕਰਕੇ ਹਕੂਮਤੀ ਜਬਰ ਤੇ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ। 

ਪਰ ਸਮੇਂ ਦੇ ਬਦਲਦਿਆਂ ਬਦਲਦਿਆਂ ਮੀਡੀਏ ਅੰਦਰ ਵੀ ਵਾਚ ਡੋਗ ਦੇ ਕਿਰਦਾਰ ਵਿਹਾਰ ਅੰਦਰ ਪੈੱਟ ਡੋਗ ਵਾਲੇ ਲੱਛਣ ਉੱਭਰਨੇ ਸ਼ੁਰੂ ਹੋ ਗਏ। ਹਕੂਮਤ ਤੇ ਮਾਇਆਧਾਰੀਆਂ, ਕਾਰਪੋਰੇਟ ਜਗਤ ਨੇ ਮੀਡੀਆ ਨੂੰ ਕਾਬੂ ਕਰਨ ਦੇ ਯਤਨਾਂ ਨਾਲ ਨਾਲ ਮੀਡੀਏ ਦੇ ਰੋਲ ਦੀ ਪ੍ਰੀਭਾਸ਼ਾ ਹੀ ਬਦਲਣੀ ਸ਼ੁਰੂ ਕਰ ਦਿੱਤੀ। ਹਕੂਮਤੀ ਕੁਰਸੀ ਦੀ ਚੌਥੀ ਟੰਗ ਲੋਕ ਰਾਇ ਦੀ ਥਾਂ ਮੀਡੀਆ ਨੂੰ ਹੀ ਰਾਜ ਸੱਤਾ ਦੇ ਚੌਥਾ ਥੰਮ ਦਾ ਰੁਤਬਾ ਦੇਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਤੇ ਮੀਡੀਏ ਦੇ ਵੱਡੇ ਹਿੱਸੇ ਨੇ ਵੀ ਇਸਨੂੰ ਹੱਸਕੇ ਪਰਵਾਨ ਕਰ ਲਿਆ। ਲੋਕ ਰਾਇ ਹਾਸ਼ੀਏ ‘ਤੇ ਧੱਕਣੀ ਸ਼ੁਰੂ ਕਰ ਦਿੱਤੀ ਤੇ ਮੀਡੀਏ ਦੇ ਹਕੂਮਤ ਦੇ ਪਾਲਤੂ ਬੋਲਾਂ ਨੂੰ ਹੀ ਲੋਕ ਰਾਇ ਮੰਨਣ ਤੇ ਪ੍ਰਚਾਰਨ ਦਾ ਅਮਲ ਸ਼ੁਰੂ ਹੋ ਗਿਆ।  

ਅਜਿਹੀ ਹਕੀਕਤ ਦੇ ਸਨਮੁੱਖ ਹੁੰਦਿਆਂ ਹੀ ਅੱਜ ਹਕੂਮਤਾਂ ਤੇ ਕਾਰਪੋਰੇਟ ਜਗਤ ਦੇ ਲੋਕ ਵਿਰੋਧੀ ਅਮਲਾਂ ਖਿਲਾਫ ਲੜਾਈ ਦੇ ਨਾਲ ਸਾਨੂੰ ਮੀਡੀਏ ਅੰਦਰਲੇ ਹਕੂਮਤ ਤੇ ਕਾਰਪੋਰੇਟ ਦੇ ਪੈੱਟ ਡੋਗ ਪਾਲਤੂ ਕੁੱਤੇ ਵਾਲੇ ਰੁਝਾਨ ਨੂੰ ਵੀ ਪਛਾਨਣ ਤੇ ਪਛਾੜਨ ਦੀ ਲੋੜ ਹੈ। 

ਬਾਬਾ ਗੁਰੂ ਨਾਨਕ ਦੇ ਫ਼ਲਸਫ਼ੇ, ਸਰਬੱਤ ਦੇ ਭਲੇ ਵਿੱਚ ਹੀ ਆਪਣਾ ਭਲਾਈ ਵੇਖਣ ਨੂੰ ਬੁਲੰਦ ਕਰ ਰਹੇ ਪੰਜਾਬ ਦੇ ਧਰਤੀ ਪੁੱਤਰਾਂ ਕਿਸਾਨਾਂ ਦੇ ਲੋਕ ਅੰਦੋਲਨ ਨੇ ਪਾਲਤੂ ਮੀਡੀਆ ਜਿਸਨੂੰ ਅੱਜ ਕੱਲ ਗੋਦੀ ਮੀਡੀਆ ਕਿਹਾ ਜਾਂਦਾ ਹੈ, ਦੀ ਮਾਰ ਝੱਲੀ ਤੇ ਝੱਲ ਰਿਹਾ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਜਦੋਂ ਪੰਜਾਬ ਦੇ ਸਪੂਤ ਤੇ ਹੁਣ ਗੁਰੂ ਦੀ ਨਗਰੀ ਅਮਿੰਰਤਸਰ  ਨੂੰ ਆਪਣੀ ਕਰਮ ਭੂਮੀ ਬਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਬਾਬਾ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਨੁਸਾਰ ਬਿਰਤਾਂਤ ਸਿਰਜਿਆ ਤਾਂ ਗੋਦੀ ਮੀਡੀਆਂ ਨੇ"ਦੁਸ਼ਮਣ ਨਾਲ ਜੱਫੀ" ਪਾਉਣ ਦਾ ਹੋ ਹੱਲਾ ਮਚਾਕੇ ਅਸਮਾਨ ਸਿਰ ‘ਤੇ ਚੁੱਕ ਲਿਆ ਸੀ। ਪਰ ਬਾਬਾ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੇ ਬਿਰਤਾਂਤ ਦੀ ਜਿੱਤ ਹੋਈ।  

ਕਿਸੇ ਵੇਲੇ ਜਨਤਕ ਪੈਗ਼ਾਮ ਰਸਾਲੇ ਦੇ ਸੰਪਾਦਕ ਰਹੇ ਮਾਲਵਿੰਦਰ ਸਿੰਘ ਮਾਲੀ (ਮੇਰੇ) ਖਿਲਾਫ ਉਸ ਵੇਲੇ ਦੀਆਂ ਲਿਖਤਾਂ ਨੂੰ ਉਛਾਲਕੇ ਗੋਦੀ ਮੀਡੀਏ ਦੇ ਇਕ ਬਚੂੰਗੜੇ ਵੱਲੋਂ ਛੁਰਲੀਆਂ ਛੱਡੀਆਂ ਜਾ ਰਹੀਆਂ ਹਨ। ਇਸ ਰਸਾਲੇ ਦੀਆਂ ਲਿਖਤਾਂ (ਸਿਰਫ ਲਿਖਤਾਂ ਹੀ) ਨੂੰ ਹੀ ਅਧਾਰ ਬਣਾਕੇ ਉਸ ਵੇਲੇ ਮੈਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ NSA ਤੇ ਦਹਿਸ਼ਤਗਰਦ ਤੇ ਭੰਨ-ਤੋੜ ਸਰਗਰਮੀਆਂ ਬਾਰੇ ਕਾਨੂੰਨ TADA ਅਧੀਨ ਸਭ ਤੋਂ ਵੱਧ ਸੁਰੱਖਿਆ ਵਾਲੀ ਜੇਲ ਸੰਗਰੂਰ ਵਿੱਚ ਦੋ ਸਾਲ ਲਈ ਨਜ਼ਰਬੰਦ ਕੀਤਾ ਗਿਆ ਸੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੈਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਦੋ ਮਹੀਨੇ ਬਾਅਦ ਹੀ ਰਿਹਾਅ ਕਰ ਦਿੱਤਾ ਸੀ। ਪਰ ਪੂਰੀ ਬੇਸ਼ਰਮੀ ਤੇ ਢੀਠਤਾਈ ਨਾਲ ਗੋਦੀ ਮੀਡੀਆਂ ਹੁਣ ਮੁੜ ਮੇਰੇ ਉੱਪਰ ਉਹੀ ਮੁਕੱਦਮਾ ਮੀਡੀਆ ਟਰੈਲ ਸ਼ੁਰੂ ਕਰ ਰਿਹਾ ਹੈ। --ਮਾਲਵਿੰਦਰ ਸਿੰਘ ਮਾਲੀ

ਪੋਸਟ ਸਕਰਿਪਟ: ਮਾਲੀ ਹੁਰਾਂ ਨੂੰ ਇਹਨਾਂ ਸਾਜ਼ਿਸ਼ੀ ਮੀਡੀਆ ਟਰਾਇਲਾਂ ਨਾਲ ਕੋਈ ਬਹੁਤ ਫਰਕ ਨਹੀਂ ਪੈਣਾ। ਉਂਝ ਇਸਦੇ ਪਿੱਛੇ ਵੀ ਕੁਝ ਮੀਡੀਆ ਵਾਲੇ ਮਿੱਤਰ ਹੀ ਸਰਗਰਮ ਹੋਣੇ ਹਨ। ਜਦੋਂ ਤੱਕ ਇਹ ਸਮਾਜ ਉਹਨਾਂ ਕਲਮਕਾਰਾਂ ਪ੍ਰਤੀ ਸੁਹਿਰਦ ਹੋ ਕੇ ਨਹੀਂ ਜਾਗਦਾ ਜਿਹੜੇ ਨਹੀਂ ਵਿਕਦੇ ਉਦੋਂ ਤੱਕ ਵਿਕਾਓ ਮੀਡੀਆ ਦੀ ਭੀੜ ਵਧਦੀ ਜਾਏਗੀ। ਸਮਾਜ ਨੂੰ ਇਮਾਨਦਾਰ ਲੋਕਾਂ ਦੇ ਚੁੱਲੇ ਦਾ ਫਿਕਰ ਕਿਓਂ ਨਹੀਂ? ਜਿਹੜਾ ਸਮਾਜ ਇਸ ਤਰ੍ਹਾਂ ਦਾ ਹੋ ਗਿਆ ਹੈ ਉਸ ਦੀ ਕਿਸਮਤ ਵਿੱਚ ਗੋਦੀ ਮੀਡੀਆ ਹੀ ਜ਼ਰੂਰੀ ਵੀ ਹੈ ਅਤੇ ਰਹੇਗਾ ਵੀ। ਜਿਹੜੇ ਜਿਹੜੇ ਪੱਤਰਕਾਰ ਆਰਥਿਕ ਕਾਰਨਾਂ ਕਰਕੇ ਖੁਦਕੁਸ਼ੀਆਂ ਕਰ ਗਏ ਜਾਂ ਫਿਰ ਬਾਹੂਬਲੀਆਂ ਦੇ ਦਬਾਵਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਸਾਨੂੰ ਉਹਨਾਂ ਦੀ ਖਬਰ ਲੈਣ ਲਈ ਵੀ ਤੁਰਨਾ ਚਾਹੀਦਾ ਹੈ। 

No comments:

Post a Comment

ਵਾਚ ਡਾਗ ਆਖਿਰ ਪੈਟ ਡਾਗ ਕਿਓਂ ਬਣਿਆ-ਦੱਸ ਰਹੇ ਹਨ ਮਾਲਵਿੰਦਰ ਮਾਲੀ

Sunday: 22nd August 2021 at 7:32 AM  ਲੋਕਾਂ ਦੇ ਦਮਨ ਅਤੇ ਦੁੱਖਾਂ ਨੂੰ ਵਿਸਾਰਨਾ ਆਮ ਜਿਹਾ ਕਿਓਂ ਹੋ ਗਿਆ?  ਲੁਧਿਆਣਾ // ਮੋਹਾਲੀ : 22 ਦਸੰਬਰ 2021 : ( ਰੈਕਟਰ ਕ...